ਨਵੀਂ ਦਿੱਲੀ: ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਦੇ ਮੁੱਖ ਹਿੱਸਿਆਂ ’ਚੋਂ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਦੌਰਾਨ ਵੱਖੋ-ਵੱਖਰੀਆਂ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਵੇਗੀ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿੱਚ ਉਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿੱਚ ਕੁਝ ਥਾਵਾਂ ’ਤੇ ਬਿਜਲੀ ਗਰਜਣ ਦੇ ਨਾਲ ਦਰਮਿਆਨੇ ਤੋਂ ਭਾਰੀ ਤੂਫਾਨ ਦੀ ਵੱਡੀ ਸੰਭਾਵਨਾ ਹੈ।
ਭਾਰਤ ਦੇ ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਰਾਜਧਾਨੀ ਦਿੱਲੀ ਵਿੱਚ ਇਸ ਮੌਨਸੂਨ ਦਾ ਸਭ ਤੋਂ ਭਾਰੀ ਮੀਂਹ ਪਿਆ ਜਦਕਿ ਮੁੁੰਬਈ ਅਤੇ ਨੇੜਲੇ ਖੇਤਰਾਂ ਵਿੱਚ ਵੀ ਭਾਰੀ ਮੀਂਹ ਪਿਆ।ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵਿੱਚ ਉੱਤਰੀ ਉੜੀਸ਼ਾ ਅਤੇ ਪੱਛਮੀ ਬੰਗਾਲ ਦੇ ਤਟਾਂ ਕੋਲ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਮੌਨਸੂਨ ਦੇ ਰੁਖ਼ ਅਤੇ ਅਰਬ ਸਾਗਰ ਤੋਂ ਦੱਖਣ-ਪੱਛਮੀ ਪੌਣਾਂ ਦੀ ਨਮੀ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪਵੇਗਾ। ਅਗਲੇ 2-3 ਦਿਨਾਂ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪੈ ਸਕਦਾ ਹੈ ਅਤੇ ਮੱੱਧ ਮਹਾਰਾਸ਼ਟਰ ਦੀਆਂ ਘਾਟੀਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਬਹੁਤ ਜ਼ਿਆਦਾ ਵਰਖਾ ਹੋਣ ਦੀ ਵੱਡੀ ਸੰਭਾਵਨਾ ਹੈ।