ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਸੰਯੁਕਤ ਰਾਜ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਪੜ੍ਹਾਈ ਦੇ ਨਵੇਂ ਸੈਸ਼ਨ ਲਈ ਆਨਲਾਈਨ ਸਟਡੀ ਨੂੰ ਚੁਣਨ ਵਾਲੇ ਕਿਸੇ ਵੀ ਨਵੇਂ ਵਿਦੇਸ਼ੀ ਵਿਦਿਆਰਥੀ ਨੂੰ ਵੀਜਾ ਜਾਰੀ ਨਹੀਂ ਕਰੇਗਾ। ਇਸ ਤੋਂ ਪਹਿਲਾਂ ਅਮਰੀਕਾ ਨੇ ਮਹਾਂਮਾਰੀ ਦੇ ਕਾਰਨ ਪਹਿਲਾਂ ਤੋਂ ਹੀ ਮੁਲਕ ‘ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਵਾਲੇ ਆਰਡਰ ਨੂੰ ਤਿੱਖੇ ਵਿਰੋਝ ਤੋਂ ਬਾਅਦ ਰੱਦ ਕਰ ਦਿੱਤਾ ਹੈ। ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਇਕ ਬਿਆਨ ਰਾਹੀਂ ਨੀਤੀ ਵਿਚ ਤਬਦੀਲੀ ਦਾ ਐਲਾਨ ਕੀਤਾ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਲਈ ਸਖ਼ਤ ਨਿਯਮ ਬਣਾ ਦਿੱਤੇ ਹਨ ਅਤੇ ਕੋਰੋਨਾ ਵਾਇਰਸ ਸੰਕਟ ਦੌਰਾਨ ਵਿਦੇਸ਼ੀਆਂ ਲਈ ਕਈ ਤਰ੍ਹਾਂ ਦੇ ਵੀਜ਼ਾ ਮੁਅੱਤਲ ਕਰ ਦਿੱਤੇ ਹਨ।ਆਉਂਦੇ ਸੈਸ਼ਨ ਵਿੱਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਵੀਜੇ ਰੱਦ ਕਰਨ ਦੇ ਅਸਲ ਫੈਸਲੇ ਨੂੰ ਹਾਰਵਰਡ,ਐਮਆਈਟੀ ਜਿਹੀਆਂ ਚੋਟੀ ਦੀਆਂ ਯੂਨੀਵਰਸਿਟੀਆਂ, ਅਧਿਆਪਕ ਯੂਨੀਅਨਾਂ ਅਤੇ ਘੱਟੋ ਘੱਟ 18 ਰਾਜਾਂ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਸੀ। 14 ਜੁਲਾਈ ਨੂੰ ਪ੍ਰਸ਼ਾਸਨ ਨੇ ਆਪਣਾ ਪੱਖ ਬਦਲ ਲਿਆ ਅਤੇ ਫੈਸਲਾ ਵਾਪਸ ਲੈ ਲਿਆ।ਇਸ ਉਪਾਅ ਨੂੰ ਟਰੰਪ ਵੱਲੋਂ ਵਿੱਦਿਅਕ ਸੰਸਥਾਵਾਂ 'ਤੇ ਦਬਾਅ ਪਾਉਣ ਲਈ ਇੱਕ ਕਦਮ ਵਜੋਂ ਵੇਖਿਆ ਗਿਆ ਸੀ ਜੋ ਗਲੋਬਲ COVID-19 ਮਹਾਂਮਾਰੀ ਦੇ ਵਿੱਚ ਮੁੜ ਖੁੱਲ੍ਹਣ ਲਈ ਸਾਵਧਾਨੀ ਵਾਲਾ ਰਵੱਈਆ ਅਪਣਾ ਰਹੇ ਹਨ।
ਟਰੰਪ ਸਾਰੇ ਪੱਧਰਾਂ ਦੇ ਸਕੂਲਾਂ ਨੂੰ ਵਿਅਕਤੀਗਤ ਕਲਾਸਾਂ ਨਾਲ ਮੁੜ ਖੋਲ੍ਹਣ ਲਈ ਉਤਸੁਕ ਹਨ ਤਾਂ ਜੋ, ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਆਮ ਜਿੰਦਗੀ ਲੀਹਾਂ ‘ਤੇ ਲਿਆਂਦੀ ਵਿਖਾਈ ਜਾ ਸਕੇ।ਇਸ ਲਈ ਟਰੰਪ ਦਬਾਅ ਪਾ ਰਿਹਾ ਹੈ, ਹਾਲਾਂਕਿ ਕੁਝ ਰਾਜਾਂ ਵਿੱਚ ਵਾਇਰਸ ਨਿਯੰਤਰਣ ਤੋਂ ਬਾਹਰ ਹੈ। ਇਸਦੇ ਨਾਲ ਹੀ ਸਕੂਲ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਖੋਲ੍ਹਿਆ ਜਾਵੇ, ਟਰੰਪ ਪ੍ਰਸ਼ਾਸਨ ਇਸ ਨੂੰ ਵੱਡੇ ਪੱਧਰ 'ਤੇ ਸੂਬਿਆਂ ‘ਤੇ ਛੱਡ ਰਿਹਾ ਹੈ।ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਉਟ ਦੇ ਅਨੁਸਾਰ, ਸਾਲ 2018-19 ਦੇ ਵਿੱਦਿਅਕ ਵਰ੍ਹੇ ਲਈ ਅਮਰੀਕਾ ਵਿਚ ਇਕ ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ। ਬਹੁਤ ਸਾਰੇ ਸਕੂਲ ਕਾਫੀ ਹੱਦ ਤੱਕ ਉਨ੍ਹਾਂ ਵਿਦਿਆਰਥੀਆਂ ਵੱਲੋਂ ਦਿੱਤੀ ਜਾਂਦੀ ਟਿਉਸ਼ਨ ਫੀਸ 'ਤੇ ਨਿਰਭਰ ਕਰਦੇ ਹਨ।