ਲਾਹੌਰ (Nri Media) : ਪਾਕਿਸਤਾਨ 'ਚ ਕਬੱਡੀ ਕੱਪ 'ਚ ਭਾਗ ਲੈਣ ਲਈ 48 ਖਿਡਾਰੀ 9 ਫਰਵਰੀ ਨੂੰ ਪਾਕਿਸਤਾਨ ਗਏ ਸੀ, ਜਿਨ੍ਹਾਂ 'ਤੇ ਉਮਰ ਭਰ ਲਈ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪੰਜਾਬ ਕਬੱਡੀ ਐਸੋਸੀਏਸ਼ਨ 'ਤੇ ਵੀ ਕਾਰਵਾਈ ਪੱਕੀ ਹੈ। ਕਬੱਡੀ ਟੀਮ ਵਿਚ 4 ਸਰਕਾਰੀ ਮੁਲਾਜ਼ਮ ਵੀ ਸ਼ਾਮਲ ਸਨ ਜਿਨ੍ਹਾਂ ਵਿਚ ਵਿਭਾਗ ਦੇ ਸਹਾਇਕ ਸਿੱਖਿਆ ਗੁਰਪ੍ਰੀਤ ਸਿੰਘ, ਭੂ-ਰੱਖਿਆ ਵਿਭਾਗ ਦੇ ਕਰਮਚਾਰੀ ਹਰਪ੍ਰੀਤ ਬਾਵਾ ਸਮੇਤ ਦੋ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਇਨ੍ਹਾਂ ਦੀ ਨੌਕਰੀ ਵੀ ਖਤਰੇ ਵਿਚ ਹੈ, ਪੰਜਾਬ ਸਰਕਾਰ ਇਨ੍ਹਾਂ 'ਤੇ ਕਾਰਵਾਈ ਕਰਨ ਦੀ ਤਿਆਰੀ 'ਚ ਹੈ।
ਪਾਕਿਸਤਾਨ ਦੇ ਮੁਹੰਮਦ ਸਰਵਰ ਰਾਣਾ ਵੱਲੋਂ ਵਿਸ਼ਵ ਕਬੱਡੀ ਪ੍ਰਤੀਯੋਗਤਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਪੰਜਾਬ ਤੋਂ 60 ਨਾਵਾਂ ਦੀ ਸੂਚੀ ਗਈ ਸੀ, ਜਿਨ੍ਹਾਂ ਵਿਚ 48 ਚਲੇ ਗਏ ਪਰ 12 ਪ੍ਰਬੰਧਕ ਜਿਨ੍ਹਾਂ ਦੇ ਵੀਜ਼ੇ ਵੀ ਲਗ ਚੁੱਕੇ ਸਨ, ਨਹੀਂ ਗਏ। ਪੰਜਾਬ ਕਬੱਡੀ ਐਸੋ. ਦੇ ਪ੍ਰਧਾਨ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਹਨ, ਜਦਕਿ ਮੈਨੇਜਰ ਤਜਿੰਦਰ ਸਿੰਘ ਮਿੱਡਾ ਖੇੜਾ ਹੈ। ਪਾਕਿਸਤਾਨ ਵਿਚ ਜਿਵੇਂ ਹੀ ਕਬੱਡੀ ਮੈਚ ਦਾ ਐਲਾਨ ਹੋਇਆ ਤਾਂ ਪੰਜਾਬ ਕਬੱਡੀ ਐਸੋ. ਵੱਲੋਂ ਪ੍ਰਧਾਨ ਦੇ ਦਸਤਖਤਾਂ ਸਮੇਤ ਇਕ ਪੱਤਰ ਵੀ ਪਾਕਿਸਤਾਨ ਭੇਜਿਆ ਗਿਆ ਸੀ, ਜਿਸ ਵਿਚ ਕਬੱਡੀ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਨਾਂ ਸੀ।
ਪਾਕਿਸਤਾਨ ਸਰਕਾਰ ਨੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਤੁਰੰਤ ਵੀਜ਼ਾ ਦਿੱਤਾ ਅਤੇ ਇਹ ਖਿਡਾਰੀ ਸਰਕਾਰ ਨੂੰ ਬਿਨਾਂ ਦੱਸੇ ਪਾਕਿਸਤਾਨ ਚਲੇ ਗਏ। ਇਥੋਂ ਤੱਕ ਕਿ ਖੁਫੀਆ ਵਿਭਾਗ ਨੂੰ ਵੀ ਇਸਦੀ ਭਿਣਕ ਨਹੀਂ ਲੱਗੀ ਪਰ ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਸਾਰਿਆਂ ਦੇ ਹੱਥ-ਪੈਰ ਫੁਲਣ ਲੱਗੇ। ਹੁਣ ਜਦਕਿ ਕੇਂਦਰ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ 'ਤੇ ਸਖਤ ਐਕਸ਼ਨ ਲੈਂਦਿਆਂ ਪਾਕਿਸਤਾਨ ਗਏ ਸਾਰੇ ਖਿਡਾਰੀਆਂ 'ਤੇ ਉਮਰ ਭਰ ਕਬੱਡੀ ਖੇਡ ਵਿਚ ਭਾਗ ਲੈਣ 'ਤੇ ਪਾਬੰਦੀ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਦਕਿ ਪੰਜਾਬ ਸਰਕਾਰ ਨੂੰ ਵੀ ਮੁਲਾਜ਼ਮਾਂ 'ਤੇ ਸ਼ਿਕੰਜਾ ਕਸਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਲਈ ਮੀਟਿੰਗ ਬੁਲਾਈ।