ਵੈੱਬ ਡੈਸਕ (Nri Media) : ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਨਿਊਜ਼ੀਲੈਂਡ ਨੇ ਲੜੀ ਦੇ ਆਖਰੀ ਮੈਚ ਵਿੱਚ ਪੰਜ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਮਾਊਂਟ ਮੌਨਗਾਨੁਈ ਦੇ ਬੇ-ਓਵਲ ਮੈਦਾਨ ਵਿੱਚ ਖੇਡੇ ਗਏ ਆਖਰੀ ਵਨ ਡੇ ਕੌਮਾਂਤਰੀ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 296 ਦੌੜਾਂ ਬਣਾਈਆਂ।
ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 47.1 ਓਵਰਾਂ ਵਿੱਚ ਪੰਜ ਵਿਕਟਾਂ 'ਤੇ 300 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਹੈ। ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇ ਗਏ ਤੀਜੇ ਮੈਚ ਵਿੱਚ ਭਾਰਤ ਦੀ ਤੇਜ਼ ਗੇਂਦਬਾਜ਼ੀ ਨੇ ਕਾਫ਼ੀ ਨਿਰਸਾਜਨਕ ਪ੍ਰਦਰਸ਼ਨ ਕੀਤਾ ਹੈ। ਜਿਸ ਦੇ ਕਾਰਨ ਕੇ ਐਲ ਰਾਹੁਲ ਦਾ ਸੈਂਕੜਾ, ਸ਼੍ਰੇਅਸ ਅਈਅਰ ਦੀ ਹਾਫ ਸੈਂਚੁਰੀ ਅਤੇ ਯੁਜਵੇਂਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਵਿਅਰਥ ਗਈ ਅਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਨਿਊਜ਼ੀਲੈਂਡ ਦੇ ਲਈ ਹੈਨਰੀ ਨਿਕੋਲਸ ਨੇ 80 ਅਤੇ ਕੋਲਿਨ ਡੀ ਗ੍ਰੈਂਡਹੋਮ ਨੇ ਨਾਬਾਦ 58 ਦੌੜਾਂ ਬਣਾਈਆਂ ਸਨ। ਜਦਕਿ ਨਿਊਜ਼ੀਲੈਂਡ ਦੇ ਗੇਂਦਬਾਜ਼ ਹਾਮਿਸ਼ ਬੇਨੇਟ ਨੇ ਚਾਰ ਵਿਕਟਾਂ ਲਈਆਂ ਸਨ। ਇਸ ਤੋਂ ਪਹਿਲਾ ਭਾਰਤ ਅਤੇ ਨਿਊਜ਼ੀਲੈਂਡ ਵਿੱਚਕਾਰ ਇੱਕ 5 ਮੈਚਾਂ ਦੀ ਟੀ 20 ਲੜੀ ਖੇਡੀ ਗਈ ਸੀ, ਜਿਸ ਦੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜੀ ਨੂੰ 5-0 ਨਾਲ ਜਿੱਤਿਆ ਸੀ।
ਪਰ ਹੁਣ ਨਿਊਜ਼ੀਲੈਂਡ ਦੇ ਖਿਲਾਫ ਹੀ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਭਾਰਤ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਨਡੇ ਤੋਂ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚਕਾਰ 2 ਟੈਸਟ ਮੈਚ ਖੇਡੇ ਜਾਣਗੇ। ਜਿਸ ਵਿੱਚ ਪਹਿਲਾ ਮੈਚ 21 ਫ਼ਰਵਰੀ ਨੂੰ ਸ਼ੁਰੂ ਹੋਵੇਗਾ ਅਤੇ ਦੂਜਾ ਮੈਚ 29 ਫ਼ਰਵਰੀ ਨੂੰ ਸ਼ੁਰੂ ਹੋਵੇਗਾ।