2 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :
ਮੀਡਿਆ ਡੈਸਕ, ਹੁਸ਼ਿਆਰਪੁਰ , (ਇੰਦਰਜੀਤ ਸਿੰਘ ਚਾਹਲ ) : ਜ਼ਿਲਾ ਪ੍ਰਸਾਸ਼ਨ ਹੁਸ਼ਿਆਰਪੁਰ ਵਲੋਂ 10 ਮਾਰਚ ਨੂੰ ਕਰਵਾਏ ਜਾ ਰਹੇ ਪੰਜਾਬ ਦੇ ਸਭ ਤੋਂ ਵੱਡੇ ਰਨਿੰਗ ਈਵੈਂਟ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ। 150 ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਾਈਕਲਿਸਟ ਵਲੋਂ 120 ਕਿਲੋਮੀਟਰ ਸਾਈਕਲ ਰੇਸ ਲਗਾਈ ਜਾ ਰਹੀ ਹੈ ਅਤੇ ਇਸ ਸਾਈਕਲ ਰੇਸ ਲਈ ਪ੍ਰਸਾਸ਼ਨ ਵਲੋਂ ਰੂਟ ਫਾਈਨਲ ਕਰ ਲਿਆ ਗਿਆ ਹੈ। ਅੱਜ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸ੍ਰੀ ਓਂਕਾਰ ਸਿੰਘ ਨੇ ਰੂਟ ਦਾ ਜਾਇਜ਼ਾ ਵੀ ਲਿਆ।
ਇਸ ਈਵੈਂਟ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ 'ਰਾਈਡ ਅਵੇਅ ਫਰਾਮ ਡਰੱਗਜ਼' ਵਿਸ਼ੇ 'ਤੇ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ 10 ਮਾਰਚ ਨੂੰ 'ਹੁਸ਼ਿਆਰਪੁਰ ਰਾਈਡ ਐਂਡ ਰਨ' ਈਵੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 150 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਦੀ 120 ਕਿਲੋਮੀਟਰ ਸਾਈਕਲ ਰੇਸ ਹੋਵੇਗੀ। ਉਹਨਾਂ ਕਿਹਾ ਕਿ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸਾਈਕਲ ਰੇਸ ਲਈ ਰੂਟ ਫਾਈਨਲ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਰੇਸ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਟਾਂਡਾ ਬਾਈਪਾਸ, ਨਲੋਈਆਂ ਚੌਕ, ਦਸੂਹਾ ਰੋਡ, ਅੱਡਾ ਭੀਖੋਵਾਲ, ਹਰਿਆਣਾ, ਢੋਲਬਾਹਾ-ਜਨੌੜੀ ਰੋਡ, ਬਰੂਹੀ, ਕੋਠਲੀ ਲੱਗ, ਬਹਿ ਅੱਟਾ, ਦਾਤਾਰਪੁਰ, ਜੁਗਿਆਲ, ਸੋਲੱਡਕੰਢੀ, ਬੱਡਲਾ, ਡਡਿਆਲੀ, ਰਾਮਪੁਰ, ਕਮਾਹੀ ਦੇਵੀ ਤੋਂ ਹੁੰਦੀ ਹੋਈ ਢੋਲਬਾਹਾ-ਜਨੌੜੀ ਰੋਡ, ਹਰਿਆਣਾ, ਅੱਡਾ ਭੀਖੋਵਾਲ, ਦਸੂਹਾ ਰੋਡ, ਨਲੋਈਆਂ ਚੌਕ, ਟਾਂਡਾ ਬਾਈਪਾਸ ਅਤੇ ਲਾਜਵੰਤੀ ਸਟੇਡੀਅਮ ਵਿਖੇ ਹੀ ਸਮਾਪਤ ਹੋਵੇਗੀ।
ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਫਾਈਨਲ ਕੀਤੇ ਗਏ ਇਸ ਰੂਟ ਲਈ ਬਾਕੀ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਜਿਥੇ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਉਥੇ ਸਾਈਕਲਿਸਟ ਵੀ ਆਪਣਾ ਧਿਆਨ ਰੇਸ 'ਤੇ ਫੋਕਸ ਕਰ ਸਕਣ। ਉਹਨਾਂ ਉਕਤ ਰੂਟ ਵਿੱਚ ਆਉਣ ਵਾਲੇ ਪਿੰਡਾਂ ਅਤੇ ਦਰਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਈਕਲ ਰੇਸ ਦੌਰਾਨ ਸੜਕ ਦੇ ਵਿਚਕਾਰ ਨਾ ਆਉਣ, ਕਿਉਂਕਿ ਪ੍ਰੋਫੈਸ਼ਨਲ ਸਾਈਕਲਿਸਟ ਵਲੋਂ ਲਗਾਈ ਜਾ ਰਹੀ ਸਾਈਕਲ ਰੇਸ ਦੌਰਾਨ ਸਾਈਕਲ ਦੀ ਸਪੀਡ ਬਹੁਤ ਜ਼ਿਆਦਾ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਈਕਲ ਰੇਸ ਤੋਂ ਇਲਾਵਾ 21.1 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਹਾਫ ਮੈਰਾਥਨ ਵੀ ਕਰਵਾਈ ਜਾ ਰਹੀ ਹੈ, ਜਦਕਿ ਸਭਿਆਚਾਰਕ ਪ੍ਰੋਗਰਾਮ ਸਮੇਤ ਹੋਰ ਬਹੁਤ ਸਾਰੇ ਮਨੋਰੰਜਕ ਪ੍ਰੋਗਰਾਮ ਹੋਣਗੇ। ਉਹਨਾਂ ਕਿਹਾ ਕਿ ਹਾਫ ਮੈਰਾਥਨ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 4 ਮਾਰਚ ਰੱਖੀ ਗਈ ਹੈ ਅਤੇ ਰਜਿਸਟ੍ਰੇਸ਼ਨ ਸਾਰੇ ਸੇਵਾ ਕੇਂਦਰਾਂ, ਐਚ.ਡੀ.ਐਫ.ਸੀ ਦੀਆਂ ਸਾਰੀਆਂ ਬਰਾਂਚਾ, ਪੰਜਾਬ ਬਾਈਕਰਜ਼ ਸਟੋਰ ਹੁਸ਼ਿਆਰਪੁਰ ਅਤੇ ਵੈਬਸਾਈਟ www.HoshiarpurRideAndRun.com 'ਤੇ ਕਰਵਾਈ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ 21.1 ਕਿਲੋਮੀਟਰ ਹਾਫ਼ ਮੈਰਾਥਨ ਲਈ ਰਜਿਸਟਰੇਸ਼ਨ ਫੀਸ 350 ਰੁਪਏ, 10 ਅਤੇ 5 ਕਿਲੋਮੀਟਰ ਲਈ 250 ਰੁਪਏ ਰਜਿਸਟਰੇਸ਼ਨ ਫੀਸ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਹਾਫ ਮੈਰਾਥਨ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਰਜਿਸਟ੍ਰੇਸ਼ਨ ਬਿਲਕੁੱਲ ਮੁਫਤ ਹੋਵੇਗੀ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਵੱਡੇ ਪੱਧਰ 'ਤੇ ਰਨਿੰਗ ਈਵੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਾਈਕਲ ਰੇਸ ਤੋਂ ਇਲਾਵਾ ਖਿਡਾਰੀਆਂ ਦੀ ਹਾਫ਼ ਮੈਰਾਥਨ ਵਿੱਚ ਦੌੜ ਵੀ ਦੇਖਣ ਨੂੰ ਮਿਲੇਗੀ। ਉਹਨਾਂ ਦੱਸਿਆ ਕਿ ਰਨਿੰਗ ਈਵੈਂਟ ਦੇ ਨਾਲ-ਨਾਲ ਸਭਿਆਚਾਰਕ ਅਤੇ ਹੋਰ ਬਹੁਤ ਸਾਰਾ ਫਨ 'ਹੁਸ਼ਿਆਰਪੁਰ ਰਾਈਡ ਐਂਡ ਰਨ' ਈਵੈਂਟ ਦਾ ਮੁੱਖ ਅਕਰਸ਼ਣ ਹੋਣਗੇ।