ਤਿੰਨ ਦਿਨਾਂ ਲਈ ਭਾਰਤ ਦੇ ਦੌਰੇ ‘ਤੇ ਈਰਾਨ ਦੇ ਵਿੱਤ ਮੰਤਰੀ

by

ਨਵੀਂ ਦਿੱਲੀ (Nri Media) : ਅਮਰੀਕਾ ਤੇ ਈਰਾਨ 'ਚ ਬਣੇ ਯੁੱਧ ਵਰਗੇ ਹਾਲਾਤਾਂ ਵਿਚਾਲੇ ਮੰਗਲਵਾਰ ਨੂੰ ਈਰਾਨ ਦੇ ਵਿੱਤ ਮੰਤਰੀ ਜਾਵਦ ਜ਼ਰੀਫ ਭਾਰਤ ਆਉਣਗੇ। ਉਨ੍ਹਾਂ ਦਾ ਇਹ ਦੌਰਾ ਤਿੰਨ ਦਿਨਾਂ ਦਾ ਹੋਵੇਗਾ। ਭਾਰਤ ਪਹੁੰਚਣ ਤੋਂ ਬਾਅਦ ਜਾਵਦ ਜ਼ਰੀਫ ਦੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕੁੱਝ ਮਹੱਤਵਪੂਰਨ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਇਸ ਮੁਲਾਕਾਤ 'ਚ ਅਮਰੀਕਾ ਵੱਲੋਂ ਈਰਾਨ ਦੇ ਫੌਜ ਕਮਾਂਡਰ ਸੁਲੇਮਾਨੀ ਨੂੰ ਮਾਰਨ ਦੇ ਮਸਲੇ 'ਤੇ ਵੀ ਚਰਚਾ ਸੰਭਵ ਹੈ। ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਦੁਪਿਹਰ ਨੂੰ ਜਾਵਦ ਜ਼ਰੀਫ ਮੁੰਬਈ ਜਾਣਗੇ ਜਿਥੇ ਉਹ ਬਿਜਨੇਸਮੈਨਾਂ ਦੇ ਗਰੁੱਪ ਨੂੰ ਸੰਬੋਧਨ ਕਰਨਗੇ। 

ਬੁੱਧਵਾਰ ਨੂੰ ਈਰਾਨ ਦੇ ਵਿੱਤ ਮੰਤਰੀ ਜਾਵਦ ਜ਼ਰੀਫ ਦੀ ਮੁਲਾਕਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇਗੀ। ਉਹ ਵਿਦੇਸ਼ ਮੰਤਰਾਲੇ ਦੀ ਫਲੈਗਸ਼ਿਪ ਸਲਾਨਾ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। ਜਾਵਦ ਜ਼ਰੀਫ ਦਾ ਭਾਰਤ ਦੌਰੇ ਇਸ ਵੇਲੇ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਪੂਰੀ ਦੁਨੀਆਂ ਦੀ ਨਜ਼ਰਾਂ ਇਸ ਵੇਲੇ ਅਮਰੀਕਾ ਤੇ ਈਰਾਨ ਵਿਚਾਲੇ ਵਿਗੜੇ ਹਾਲਾਤਾਂ ਤੇ ਟਿਕੀਆਂ ਹੋਈਆਂ ਹਨ। ਭਾਰਤ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸਥਿਤੀ ਨੂੰ ਕੰਟਰੋਲ ਕਰਨਾ ਚਾਹੇਗਾ ਤੇ ਉਹ ਈਰਾਨ, ਸੰਯੁਕਤ ਅਰਬ ਅਮੀਰਾਤ, ਓਮਾਨ ਤੇ ਕਤਰ ਸਣੇ ਕਈ ਪ੍ਰਮੁੱਖ ਦੇਸ਼ਾਂ ਦੇ ਸੰਪਰਕ 'ਚ ਹੈ।

ਦੱਸਣਯੋਗ ਹੈ ਕਿ 3 ਜਨਵਰੀ ਨੂੰ ਈਰਾਨ ਦਾ ਮੇਜਰ ਜਨਰਲ ਸੁਲੇਮਾਨੀ ਅਮਰੀਕਾ ਵੱਲੋਂ ਕੀਤੇ ਡਰੋਨ ਹਮਲੇ 'ਚ ਮਾਰਿਆ ਗਿਆ ਸੀ। ਉਸ ਤੋਂ ਬਾਅਦ ਈਰਾਨ ਨੇ ਈਰਾਕ 'ਚ ਸਥਿਤ ਅਮਰੀਕੀ ਫੌਜ ਦੇ ਟਿਕਾਣਿਆਂ ਤੇ ਮਿਸਾਈਲ ਹਮਲੇ ਕੀਤੇ ਸਨ। ਇਸ ਵੇਲੇ ਈਰਾਨ ਤੇ ਅਮਰੀਕਾ ਚ ਹਾਲਾਤ ਕਾਫ਼ੀ ਵਿਗੜੇ ਹੋਏ ਹਨ। ਭਾਰਤ ਖਾੜੀ ਦੇਸ਼ਾਂ ਤੋਂ ਵੱਡੀ ਮਾਤਰਾ 'ਚ ਤੇਲ ਆਯਾਤ ਕਰਦਾ ਹੈ। ਇਸ ਲਈ ਦੋਹਾਂ ਦੇਸ਼ਾਂ 'ਚ ਵਿਗੜੇ ਰਿਸ਼ਤੇ ਭਾਰਤ ਤੇ ਵੀ ਅਸਰ ਪਾ ਸਕਦੇ ਹਨ।