ਓਂਟਾਰੀਓ ਡੈਸਕ (Nri Media) : ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੁਆਇਜ਼-ਫਿਲਿਪ ਸ਼ੈਂਪੇਨ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਈਰਾਨ ਵਿੱਚ ਯੂਕਰੇਨ ਦੇ ਜਹਾਜ਼ ਹਾਦਸੇ ਵਿੱਚ ਕੈਨੇਡਾ ਦੇ 63 ਨਹੀਂ, ਸਗੋਂ 57 ਨਾਗਰਿਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਨੇ ਇੱਕ ਹੋਰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਹਾਜ਼ ਹਾਦਸੇ ਦੇ ਵੇਰਵੇ ਹਾਸਲ ਕਰਨ ਲਈ ਕੈਨੇਡਾ ਇੰਟਰਨੈਸ਼ਨਲ ਟਾਸਕ ਫੋਰਸ ਦਾ ਗਠਨ ਕਰ ਰਿਹਾ ਹੈ, ਤਾਂ ਜੋ ਈਰਾਨ 'ਤੇ ਦਬਾਅ ਪਾਇਆ ਜਾ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਖ਼ਬਰਾਂ ਹੀ ਚੱਲ ਰਹੀਆਂ ਸਨ ਕਿ ਇਸ ਹਾਦਸੇ ਵਿੱਚ ਮਾਰੇ ਗਏ ਕੁੱਲ 176 ਲੋਕਾਂ ਵਿੱਚ ਕੈਨੇਡਾ ਦੇ 63 ਨਾਗਰਿਕ ਸ਼ਾਮਲ ਸਨ।
ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੁਆਇਜ਼-ਫਿਲਿਪ ਸ਼ੈਂਪੇਨ ਨੇ ਦੱਸਿਆ ਕਿ ਜਹਾਜ਼ ਹਾਦਸੇ ਵਿੱਚ ਮਾਰੇ ਗਏ ਕੈਨੇਡੀਅਨ ਨਾਗਰਿਕਾਂ ਦੀ ਤਾਜ਼ਾ ਗਿਣਤੀ ਜਨਮ ਸਰਟੀਫਿਕੇਟਾਂ ਅਤੇ ਯਾਤਰਾ ਦਸਤਾਵੇਜ਼ਾਂ 'ਤੇ ਆਧਾਰਤ ਜਾਣਕਾਰੀ ਰਾਹੀਂ ਹਾਸਲ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਖੁਫ਼ੀਆ ਅਧਿਕਾਰੀਆਂ ਦੀ ਜਾਣਕਾਰੀ ਦੇ ਆਧਾਰ 'ਤੇ ਕਿਹਾ ਹੈ ਕਿ ਇਹ ਹਾਦਸਾ ਈਰਾਨ ਵੱਲੋਂ ਦਾਗ਼ੀ ਗਈ ਮਿਜ਼ਾਇਲ ਕਾਰਨ ਹੋਇਆ। ਇਸ ਮਗਰੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਇਹ ਬਿਆਨ ਜਾਰੀ ਕੀਤਾ।
ਇਸ ਦੇ ਨਾਲ ਹੀ ਜਾਂਚ ਕਰ ਰਹੇ ਈਰਾਨ ਦੇ ਅਧਿਕਾਰੀਆਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਉਨਾਂ ਦੇਸ਼ਾਂ ਦੇ ਸਮੂਹ ਦੀ ਅਗਵਾਈ ਕਰ ਰਹੀ ਹੈ, ਜਿਨਾਂ ਦੇ ਨਾਗਰਿਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਹਨ।