ਰਵਾਇਤੀ ਲੋਕ ਸੰਗੀਤ ਦਾ ਉੱਚਾ ਬੁਰਜ ਈਦੂ ਸ਼ਰੀਫ਼ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ

by mediateam

ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਰਵਾਇਤੀ ਲੋਕ ਸੰਗੀਤ ਦਾ ਉੱਚਾ ਬੁਰਜ ਈਦੂ ਸ਼ਰੀਫ਼ ਨੇ ਅੱਜ ਦੁਪਹਿਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ। ਗੁਰਬਤ ਦੇ ਮਾਰੇ ਈਦੂ ਸ਼ਰੀਫ਼ ਨੇ ਮਨੀਮਾਜਰਾ ਵਿਚ ਆਖਰੀ ਸਾਹ ਲਿਆ। ਸੂਫੀਆਨਾ ਅਤੇ ਲੋਕ ਗੀਤਾਂ ਦੀ ਪਰਣਾਈ, ਗਾਇਕੀ ਦਾ ਸਿਖ਼ਰ ਈਦੂ ਸ਼ਰੀਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਖਰੀ ਸਾਹ ਤਕ ਪ੍ਰਫੁੱਲਤ ਕਰਦੇ ਰਹੇ। ਉਨ੍ਹਾਂ ਦੀ ਸਾਰੰਗੀ ਅਤੇ ਗਾਏ ਗਏ ਗੀਤ ਸੰਗੀਤ ਪ੍ਰੇਮੀਆਂ ਨੂੰ ਅੰਦਰ ਤਕ ਧੂਹ ਪਾਉਂਦੇ ਸਨ।ਜ਼ਿਕਰਯੋਗ ਹੈ ਕਿ ਈਦੂ ਸ਼ਰੀਫ਼ ਮਹਾਰਾਜਾ ਪਟਿਆਲਾ ਦੇ ਸ਼ਾਹੀ ਗਵੱਈਏ ਈਦੂ ਲਲੌਢੇ ਵਾਲੇ ਦਾ ਸੁਪੱਤਰ ਸੀ। 

ਈਦੂ ਸ਼ਰੀਫ਼ ਨੂੰ ਗੁਮਨਾਮੀ ਦੇ ਹਨੇਰਿਆਂ ਵਿਚੋਂ ਕੱਢਣ ਵਾਲਾ ਪੰਮੀ ਬਾਈ, ਅਸ਼ਵਨੀ ਚੈਟਲੇ ਸਨ। ਉਨ੍ਹਾਂ ਦੀ ਗਾਈ ਹੀਰ ਦੀ ਕਲੀ ਦਾ ਕੋਈ ਮੇਲ ਅੱਜ ਤਕ ਨਹੀਂ ਜੁੜਿਆ।ਉਨ੍ਹਾਂ ਦੇ ਪੁੱਤਰ ਸੁੱਖੀ ਖ਼ਾਨ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਲਕਵਾ ਮਾਰ ਗਿਆ ਸੀ। ਮੰਜੇ 'ਤੇ ਪਿਆ ਨੇ ਅੱਜ ਦੁਪਹਿਰ 2 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਮਨੀਮਾਜਰਾ 'ਚ ਕੱਲ੍ਹ ਭਾਵ 8 ਜਨਵਰੀ ਨੂੰ ਹੋਵੇਗਾ।