Web Desk (NRI MEDIA) : ਨਾਰਾਜ਼ ਭੀੜ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਕੀਤਾ। ਮੁਢਲੀ ਰਿਪੋਰਟਾਂ ਦੇ ਮੁਤਾਬਕ, ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ, ਜਿਸਨੇ ਕਥਿਤ ਤੌਰ 'ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰ ਲਿਆ ਸੀ ਜੋ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਭੀੜ ਨੇ ਸ਼ੁੱਕਰਵਾਰ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚ ਧਾਵਾ ਬੋਲ ਦਿੱਤਾ।
ਰਿਪੋਰਟਾਂ ਮੁਤਾਬਕ ਭੀੜ ਨੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਘਿਰਾਓ ਕੀਤਾ ਅਤੇ ਇਸ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਕਈ ਸਿੱਖ ਸ਼ਰਧਾਲੂ ਗੁਰਦੁਆਰੇ ਦੇ ਅੰਦਰ ਫਸੇ ਹੋਏ ਦੱਸੇ ਗਏ ਸਨ। ਇੱਕ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਵਿਖਾਈ ਦਿੱਤੇ ਅਤੇ ਅੰਦੋਲਨਕਾਰੀਆਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਨਨਕਾਣਾ ਸਾਹਿਬ ਦਾ ਨਾਂਅ ਬਦਲ ਦੇਣਗੇ।ਮੰਨਿਆ ਜਾ ਰਿਹਾ ਹੈ ਕਿ ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਭਰਾ ਕਰ ਰਿਹਾ ਸੀ, ਜਿਸ ਨੇ ਦੋਸ਼ ਲਗਾਇਆ ਕਿ ਹਸਨ ਨੇ ਕਾਨੂੰਨੀ ਤੌਰ ਉੱਤੇ ਅਤੇ ਸਹਿਮਤੀ ਨਾਲ ਲੜਕੀ ਨਾਲ ਵਿਆਹ ਕਰਵਾਇਆ ਸੀ ਪਰ ਅਧਿਕਾਰੀਆਂ ਵੱਲੋਂ ਉਸ ਨੂੰ ਕੁੱਟਿਆ ਗਿਆ ਅਤੇ ਉਸ ਦੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ।
ਪਰਿਵਾਰ ਨੇ ਦਾਅਵਾ ਕੀਤਾ ਕਿ ਸਿੱਖ ਲੜਕੀ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।ਤਣਾਅਪੂਰਨ ਸਥਿਥੀ ਨੂੰ ਵੇਖਦਿਆਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਉਹ “ਤੁਰੰਤ ਦਖਲ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਬਚਾਇਆ ਜਾਵੇ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਇਸ ਦੇ ਦੁਆਲੇ ਹੋਈ ਨਾਰਾਜ਼ ਭੀੜ ਤੋਂ ਬਚਾਇਆ ਜਾ ਸਕੇ।”