ਕਾਠਮੰਡੂ (Vikram Sehajpal) : ਨੇਪਾਲ ਪੁਲਿਸ ਨੇ 122 ਚੀਨੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਨਾਗਰਿਕ ਨੇਪਾਲ ਵਿੱਚ ਸੈਲਾਨੀ ਵੀਜ਼ੇ 'ਤੇ ਆਏ ਸਨ। ਇਨ੍ਹਾਂ ਲੋਕਾਂ 'ਤੇ ਸਾਈਬਰ ਅਪਰਾਧ ਨੂੰ ਅੰਜਾਮ ਦੇਣ ਦੇ ਨਾਲ ਬੈਂਕਾਂ ਦੀਆਂ ਕੈਸ਼ ਮਸ਼ੀਨਾਂ ਨੂੰ ਹੈਕ ਕਰਨ ਦਾ ਵੀ ਦੋਸ਼ ਹੈ।ਨੇਪਾਲ ਦੇ ਪੁਲਿਸ ਅਧਿਕਾਰੀ ਹੋਬਿੰਦਰ ਬੋਗਾਟੀ ਨੇ ਦੱਸਿਆ ਕਿ ਚੀਨੀ ਦੂਤਘਰ ਨੂੰ ਇਸ ਕਾਰਵਾਈ ਦੇ ਬਾਰੇ ਵਿੱਚ ਪਤਾ ਸੀ ਅਤੇ ਉਸ ਨੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਸਮਰਥਨ ਕੀਤਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਇਸ ਮਾਮਲੇ ਵਿਚ ਚੀਨ ਅਤੇ ਨੇਪਾਲ ਦੀ ਪੁਲਿਸ ਸੰਪਰਕ ਵਿਚ ਹੈ। ਚੀਨ ਆਪਣੇ ਗੁਆਂਢੀ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਲਈ ਤਿਆਰ ਹੈ। ਫੜੇ ਗਏ ਸਾਰੇ ਲੋਕਾਂ ਦੇ ਪਾਸਪੋਰਟ ਅਤੇ ਲੈਪਟਾਪ ਜ਼ਬਤ ਕਰ ਲਏ ਗਏ ਹਨ। ਨੇਪਾਲ ਵਿਚ ਇਸ ਤੋਂ ਪਹਿਲੇ ਸਤੰਬਰ ਵਿਚ ਬੈਂਕ ਦੀਆਂ ਕੈਸ਼ ਮਸ਼ੀਨਾਂ ਨੂੰ ਹੈਕ ਕਰ ਕੇ ਰਕਮ ਕੱਢਣ ਦੇ ਦੋਸ਼ ਵਿਚ ਪੰਜ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਸਾਲ ਸੋਨੇ ਦੀ ਸਮੱਗਲਿੰਗ ਦੇ ਦੋਸ਼ ਵਿਚ ਵੀ ਚੀਨੀ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਾਲ ਅਕਤੂਬਰ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਨੇਪਾਲ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਅਪਰਾਧਿਕ ਮਾਮਲਿਆਂ ਵਿਚ ਇਕ-ਦੂਜੇ ਨੂੰ ਮਦਦ ਕਰਨ ਦੇ ਸਮਝੌਤੇ 'ਤੇ ਦਸਤਖਤ ਕੀਤੇ ਸਨ।