ਪੰਜਾਬ ਨੂੰ ਆਰਥਿਕ ਸੰਕਟ ਵਿਚ ਧੱਕਣ ਲਈ ਅਕਾਲੀ ਪੂਰੀ ਤਰ੍ਹਾਂ ਜ਼ਿੰਮੇਵਾਰ : ਕੈਪਟਨ

by

ਚੰਡੀਗੜ (ਇੰਦਰਜੀਤ ਸਿੰਘ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਮਨਪ੍ਰੀਤ ਬਾਦਲ ਦੀ ਹਮਾਇਤ 'ਤੇ ਆ ਗਏ ਹਨ। ਉਨ੍ਹਾਂ ਨੇ ਸੂਬੇ ਦੀ ਮਾੜੀ ਆਰਥਕ ਸਥਿਤੀ 'ਤੇ ਅਕਾਲੀ ਦਲ ਵੱਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਅਸਤੀਫ਼ਾ ਮੰਗਣ 'ਤੇ ਸਿਆਸੀ ਟਕੋਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਆਰਥਿਕ ਸੰਕਟ ਵਿਚ ਧੱਕਣ ਲਈ ਅਕਾਲੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਕਿਉਂਕਿ ਦਸ ਸਾਲ ਸੱਤਾ ਸੁਖ ਭੋਗਣ ਵਾਲੇ ਅਕਾਲੀਆਂ ਨੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਸੂਬੇ ਦੀ ਆਰਥਿਕਤਾ ਨੂੰ ਮੂਧੇ-ਮੂੰਹ ਸੁੱਟ ਦਿੱਤਾ। ਕੈਪਟਨ ਨੇ ਇਸ ਬਿਆਨ ਨਾਲ ਆਪਣੀ ਹੀ ਪਾਰਟੀ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਵੀ ਜਵਾਬ ਦੇ ਦਿੱਤਾ ਹੈ। ਬਿੱਟੂ ਨੇ ਵੀ ਮਨਪ੍ਰੀਤ ਨੂੰ ਨਿਸ਼ਾਨੇ 'ਤੇ ਲੈਂਦਿਆਂ ਕੈਬਨਿਟ ਵਿਚ ਫੇਰਬਦਲ ਦੀ ਗੱਲ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਆਪਣੇ ਦਹਾਕਾ ਲੰਮੇ ਸ਼ਾਸਨਕਾਲ ਦੌਰਾਨ ਸੂਬੇ ਦੇ ਖ਼ਜ਼ਾਨੇ ਦਾ ਸਾਰਾ ਪੈਸਾ ਬਰਬਾਦ ਕਰ ਦਿੱਤਾ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਹਾਂ-ਪੱਖੀ ਕਦਮ ਨਹੀਂ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ 2017 ਵਿਧਾਨ ਸਭਾ ਚੋਣ ਤੋਂ ਮਹਿਜ਼ ਕੁਝ ਮਹੀਨੇ ਪਹਿਲਾਂ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰੀ ਪੂਲ ਲਈ ਅਨਾਜ ਦੀ ਖ਼ਰੀਦ ਦੇ ਸਬੰਧ ਵਿਚ ਸੂਬੇ ਸਿਰ 31000 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹਾ ਦਿੱਤਾ, ਜਿਸ ਨਾਲ ਪੰਜਾਬ ਦਾ ਵਿੱਤੀ ਸੰਕਟ ਹੋਰ ਗਹਿਰਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੂਬੇ ਦੀ ਗੰਭੀਰ ਆਰਥਿਕ ਸਥਿਤੀ ਅਕਾਲੀਆਂ ਪਾਸੋਂ ਵਿਰਾਸਤ ਦੇ ਰੂਪ ਵਿਚ ਮਿਲੀ ਹੈ ਅਤੇ ਸੂਬੇ ਨੂੰ ਇਸ ਸੰਕਟ ਵਿਚ ਧੱਕਣ ਵਾਲੇ ਅਕਾਲੀ ਹੁਣ ਮਗਰਮੱਛ ਦੇ ਹੂੰਝ ਵਹਾ ਰਹੇ ਹਨ। 

ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਚੁੱਕੇ ਗਏ ਕਦਮ ਸਦਕਾ ਜ਼ਮੀਨੀ ਪੱਧਰ 'ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਜੀਐੱਸਟੀ ਮਾਲੀਏ ਦਾ ਪ੍ਰਬੰਧਨ ਕਰਨ ਅਤੇ ਸੂਬੇ ਨੂੰ ਉਸ ਦਾ ਬਣਦਾ ਹਿੱਸਾ ਸਮੇਂ ਸਿਰ ਦੇਣ ਵਿਚ ਨਾਕਾਮ ਰਹੀ ਹੈ, ਜਿਸ ਕਰਕੇ ਪੰਜਾਬ ਵਿਚ ਅਰਥਚਾਰੇ ਦੀ ਬਹਾਲੀ ਲਈ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਵਿਚ ਅੜਿੱਕਾ ਪੈਦਾ ਹੋ ਰਿਹਾ ਹੈ।