ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜਾਦ ਬੁੱਧਵਾਰ ਨੂੰ ਅਫ਼ਗਾਨਿਸਤਾਨ 'ਚ ਸ਼ਾਂਤੀ ਦੀ ਸਥਾਪਨਾ ਦੇ ਮਕਸਦ ਨਾਲ ਸਥਾਨਕ ਆਗੂਆਂ ਨਾਲ ਗੱਲਬਾਤ ਲਈ ਕਾਬੁਲ ਪੁੱਜੇ। ਇਸ ਤੋਂ ਪਹਿਲਾਂ ਉਹ ਪਿਛਲੇ ਹਫ਼ਤੇ ਪਾਕਿਸਤਾਨ ਗਏ ਸਨ।
ਅਫ਼ਗਾਨਿਸਤਾਨ ਦੇ ਮੁੱਖ ਕਾਰਜਕਾਰੀ ਮੁਜੀਬਉਰ-ਰਹਿਮਾਨ ਰਹੀਮੀ ਨੇ ਕਿਹਾ ਹੈ ਕਿ ਖਲੀਲਜਾਦ ਫਿਲਹਾਲ ਮੁਲਤਵੀ ਹੋਈ ਸ਼ਾਂਤੀ ਗੱਲਬਾਤ ਨੂੰ ਮੁੜ ਬਹਾਲ ਕਰਨ 'ਤੇ ਚਰਚਾ ਕਰਨਗੇ। ਖਲੀਲਜਾਦ ਤੇ ਅੱਤਵਾਦੀ ਜਮਾਤ ਤਾਲਿਬਾਨ ਵਿਚਕਾਰ ਗੱਲਬਾਤ ਹਾਲ ਹੀ ਵਿਚ ਮੁੜ ਸ਼ੁਰੂ ਹੋਈ ਸੀ।
ਪਰ ਪਿਛਲੇ ਹਫ਼ਤੇ ਬਗਰਾਮ ਸਥਿਤ ਅਮਿਰੀਕੀ ਸੈਨਿਕ ਅੱਡੇ ਕੋਲ ਤਾਲਿਬਾਨ ਦੇ ਿਫ਼ਦਾਈਨ ਹਮਲੇ ਪਿੱਛੋਂ ਅਮਰੀਕਾ ਨੇ ਗੱਲਬਾਤ ਮੁਲਤਵੀ ਕਰ ਦਿੱਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਕਤਰ ਦੀ ਰਾਜਧਾਨੀ ਦੋਹਾ ਵਿਖੇ ਕਈ ਦੌਰ ਦੀ ਗੱਲਬਾਤ ਹੋਈ ਸੀ ਜਿਸ ਨੂੰ ਲੰਘੇ ਸਤੰਬਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਦ ਕਰ ਦਿੱਤਾ ਸੀ। ਇਸ ਦੇ ਪਿੱਛੇ ਵੀ ਤਾਲਿਬਾਨ ਵੱਲੋਂ ਅਮਰੀਕੀ ਫ਼ੌਜ 'ਤੇ ਕੀਤਾ ਗਿਆ ਹਮਲਾ ਸੀ।