ਓਂਟਾਰੀਓ ਡੈਸਕ (Vikram Sehajpal) : ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਨਾਂ ਦਾ ਮਕਸਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟਗਿਣਤੀ ਲਿਬਰਲ ਸਰਕਾਰ ਨੂੰ ਡੇਗਣਾ ਨਹੀਂ, ਸਗੋਂ ਚੰਗੇ ਕੰਮਾਂ ਲਈ ਉਸ 'ਤੇ ਦਬਾਅ ਪਾਉਣਾ ਹੈ ਤੇ ਸਰਕਾਰ 'ਤੇ ਦਬਾਅ ਪਾਉਣ ਲਈ ਉਸ ਨੂੰ ਟੋਰੀਆਂ ਦੇ ਸਾਥ ਦੀ ਲੋੜ ਨਹੀਂ ਹੈ। 'ਕੈਨੇਡੀਅਨ ਪ੍ਰੈਸ' ਨਾਲ ਇੱਕ ਇੰਟਰਵਿਊ ਦੌਰਾਨ ਐਨਡੀਪੀ ਆਗੂ ਨੇ ਕਿਹਾ ਕਿ ਜੇਕਰ ਘੱਟਗਿਣਤੀ ਲਿਬਰਲ ਸਰਕਾਰ ਅੱਗੇ ਵਧੇਗੀ ਤਾਂ ਉਹ ਉਸ ਦਾ ਸਾਥ ਦੇਣਗੇ, ਪਰ ਉਹ ਅੱਖਾਂ 'ਤੇ ਪੱਟੀ ਬੰਨ ਕੇ ਲਿਬਰਲਾਂ ਦਾ ਸਾਥ ਨਹੀਂ ਦੇਣਗੇ। ਜੇਕਰ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤਾਂ ਉਸ ਦੇ ਨਾਲ ਖੜਨਗੇ, ਨਹੀਂ ਤਾਂ ਉਸ ਦਾ ਵਿਰੋਧ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।
ਜਗਮੀਤ ਸਿੰਘ ਨੇ ਕਿਹਾ ਕਿ ਉਨਾਂ ਦਾ ਮਕਸਦ ਘੱਟਗਿਣਤੀ ਲਿਬਰਲ ਸਰਕਾਰ ਨੂੰ ਡੇਗਣਾ ਨਹੀਂ, ਸਗੋਂ ਦੇਸ਼ ਦੀ ਤਰੱਕੀ ਅਤੇ ਚੰਗੇ ਕੰਮਾਂ ਲਈ ਉਸ 'ਤੇ ਦਬਾਅ ਪਾਉਣਾ ਹੈ। ਟੋਰੀਆਂ ਦੇ ਸਾਥ ਤੋਂ ਪੱਲਾ ਚਾੜਦੇ ਹੋਏ ਉਨਾਂ ਕਿਹਾ ਕਿ ਸਰਕਾਰ 'ਤੇ ਦਬਾਅ ਪਾਉਣ ਲਈ ਐਨਡੀਪੀ ਨੂੰ ਕੰਜ਼ਰਵੇਟਿਵ ਪਾਰਟੀ ਦੇ ਸਹਾਰੇ ਦੀ ਲੋੜ ਨਹੀਂ ਹੈ। ਇਸ ਤੱਥ ਦੇ ਬਾਵਜੂਦ ਕਿ ਐਨਡੀਪੀ ਆਪਣੀਆਂ ਨੀਤੀਆਂ 'ਚ ਲਿਬਰਲ ਪਾਰਟੀ ਤੋਂ ਖੁਦ ਨੂੰ ਵੱਖ ਕਰਨ ਲਈ ਸੰਘਰਸ਼ ਕਰਦੀ ਹੈ, ਉਨਾਂ ਕਿਹਾ ਕਿ ਬੇਸ਼ੱਕ ਹਾਲ ਹੀ 'ਚ ਐਂਡਰਿਊ ਸ਼ੀਅਰ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਕੰਜ਼ਰਵੇਟਿਵ ਪਾਰਟੀ ਆਪਣਾ ਨਵਾਂ ਆਗੂ ਚੁਣਨ ਜਾ ਰਹੀ ਹੈ, ਪਰ ਉਹ ਇਸ ਪਾਰਟੀ ਨਾਲ ਸਹਿਯੋਗ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਨਿਊ ਡੈਮਕਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਅਜਿਹੇ ਪ੍ਰਗਤੀਸ਼ੀਲ ਕਾਨੂੰਨ ਲੈ ਕੇ ਆਵੇ, ਜਿਨਾਂ ਨਾਲ ਕੈਨੇਡੀਅਨ ਲੋਕਾਂ ਨੂੰ ਲਾਭ ਮਿਲ ਸਕੇ। ਇਨਾਂ ਵਿੱਚ ਡਰੱਗ ਕੌਸਟਸ ਅਤੇ ਡੈਂਟਲ ਕੇਅਰ ਲਈ ਕੌਮੀ ਪ੍ਰੋਗਰਾਮ ਬਣਾਉਣਾ ਵੀ ਸ਼ਾਮਲ ਹੈ। ਉਨਾਂ ਕਿਹਾ ਕਿ ਟਰੂਡੋ ਨੇ ਉਨਾਂ ਦੀ ਸਿਆਸੀ ਮਦਦ ਦੀ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕੀਤਾ ਹੈ, ਪਰ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਘੱਟਗਿਣਤੀ ਲਿਬਰਲ ਸਰਕਾਰ ਨੂੰ ਵੱਖ-ਵੱਖ ਬਿੱਲ ਪਾਸ ਕਰਾਉਣ ਅਤੇ ਹੋਰ ਵੱਡੇ ਕਦਮ ਚੁੱਕਣ ਲਈ ਸਹਾਰੇ ਦੀ ਲੋੜ ਪਏਗੀ। ਘੱਟਗਿਣਤੀ ਸਰਕਾਰ ਨੂੰ ਜਿਹੜੀਆਂ 13 ਵੋਟਾਂ ਚਾਹੀਦੀਆਂ ਹਨ, ਉਹ ਐਨਡੀਪੀ ਕੋਲ ਹਨ। ਅਸੀਂ ਹਰ ਵੇਲੇ ਉਨਾਂ ਦਾ ਸਾਥ ਦੇਣ ਲਈ ਤਿਆਰ ਹਾਂ।