ਪੈਰਿਸ (ਇੰਦਰਜੀਤ ਸਿੰਘ) : ਯੂਏਫਾ ਯੂਰੋਪਾ ਲੀਗ ਵਿਚ ਮਾਨਚੈਸਟਰ ਯੂਨਾਈਟਿਡ ਤੇ ਆਰਸੇਨਲ ਦੇ ਨੌਜਵਾਨ ਖਿਡਾਰੀ ਚਮਕੇ। 18 ਸਾਲਾ ਨੌਜਵਾਨ ਮੈਸਨ ਗ੍ਰੀਨਵੁਡ ਨੇ ਮਿਲੇ ਮੌਕਿਆਂ ਦਾ ਲਾਭ ਉਠਾਉਂਦੇ ਹੋਏ ਦੋ ਗੋਲ ਕੀਤੇ ਜਿਸ ਦੀ ਬਦੌਲਤ ਗਰੁੱਪ-ਐੱਲ ਦੇ ਮੁਕਾਬਲੇ ਵਿਚ ਇੰਗਲਿਸ਼ ਫੁੱਟਬਾਲ ਮਾਨਚੈਸਟਰ ਯੂਨਾਈਟਿਡ ਨੇ ਡਚ ਕਲੱਬ ਏਜੇਡ ਅਲਕਮਾਰ ਨੂੰ 4-0 ਨਾਲ ਹਰਾ ਦਿੱਤਾ। ਓਲਡ ਟਰੈਫਰਡ ਵਿਚ ਅਲਕਮਾਰ ਖ਼ਿਲਾਫ਼ ਮੁਕਾਬਲੇ ਵਿਚ ਐਸ਼ਲੇ ਯੰਗ ਨੇ ਖੇਡ ਦੇ 53ਵੇਂ ਮਿੰਟ ਵਿਚ ਗੋਲ ਕਰ ਕੇ ਯੂਨਾਈਟਿਡ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਗ੍ਰੀਨਵੁਡ (58ਵੇਂ ਤੇ 64ਵੇਂ ਮਿੰਟ) ਨੇ ਛੇ ਮਿੰਟ ਅੰਦਰ ਦੋ ਗੋਲ ਕਰ ਕੇ ਯੂਨਾਈਟਿਡ ਨੂੰ ਜਿੱਤ ਵੱਲ ਵਧਾਇਆ।
ਇਸ ਤੋਂ ਇਲਾਵਾ ਜੁਆਨ ਮਾਟਾ (62ਵੇਂ ਮਿੰਟ) ਨੇ ਵੀ ਪੈਨਲਟੀ ਕਿੱਕ ਰਾਹੀਂ ਇਕ ਗੋਲ ਕੀਤਾ। ਮੁਕਾਬਲੇ ਤੋਂ ਬਾਅਦ ਯੂਨਾਈਟਿਡ ਦੇ ਮੈਨੇਜਰ ਓਲੇ ਗਨਰ ਸੋਲਸਕਜੇਰ ਨੇ ਕਿਹਾ ਕਿ ਮੈਸਨ (ਗ੍ਰੀਨਵੁਡ) ਇਕ ਖ਼ਾਸ ਤਰ੍ਹਾਂ ਦੇ ਫਿਨਿਸ਼ਰ ਹਨ। ਉਹ ਥਾਂ ਬਣਾਉਣ ਤੇ ਸੱਜੇ ਪੈਰ ਨਾਲ ਮੌਕੇ ਤਿਆਰ ਕਰਨ ਵਿਚ ਮਾਹਿਰ ਹਨ। ਯੂਨਾਈਟਿਡ ਆਪਣੇ ਗਰੁੱਪ ਵਿਚ 13 ਅੰਕ ਲੈ ਕੇ ਚੋਟੀ 'ਤੇ ਰਹਿੰਦੇ ਹੋਏ ਨਾਕਆਊਟ ਵਿਚ ਪੁੱਜਾ।ਗਰੁੱਪ-ਐੱਫ ਵਿਚ ਆਰਸੇਨਲ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਟੈਂਡਰਡ ਲੀਗ ਨੂੰ 2-2 ਦੀ ਬਰਾਬਰੀ 'ਤੇ ਰੋਕ ਦਿੱਤਾ।
ਇਸ ਡਰਾਅ ਮੁਕਾਬਲੇ ਦੀ ਬਦੌਲਤ ਉਸ ਨੇ ਗਰੁੱਪ ਜੇਤੂ ਵਜੋਂ ਆਖ਼ਰੀ-32 ਵਿਚ ਪ੍ਰਵੇਸ਼ ਕੀਤਾ। ਆਰਸੇਨਲ ਵੱਲੋਂ ਅਲੈਗਜ਼ੈਂਡਰ ਲੋਕਜਤੇ ਤੇ 18 ਸਾਲਾ ਬੁਕਾਇਓ ਸਾਕਾ ਨੇ ਦੂਜੇ ਅੱਧ ਵਿਚ ਗੋਲ ਕਰ ਕੇ 0-2 ਨਾਲ ਪੱਛੜ ਰਹੀ ਆਪਣੀ ਟੀਮ ਨੂੰ ਬਰਾਬਰੀ ਦਿਵਾਈ।ਗਰੁੱਪ ਐੱਫ ਵਿਚ ਇਟ੍ਰੀਚਟ ਫਰੈਂਕਫਰਟ ਨੂੰ ਗਿਊਮੇਰੇਸ ਖ਼ਿਲਾਫ਼ 2-3 ਦੇ ਫ਼ਰਕ ਨਾਲ ਮਾਤ ਸਹਿਣੀ ਪਈ। ਪੁਰਤਗਾਲੀ ਕਲੱਬ ਗਿਊਮੇਰੇਸ ਨੇ ਆਖ਼ਰੀ ਪੰਜ ਮਿੰਟਾਂ ਵਿਚ ਦੋ ਗੋਲ ਕਰ ਕੇ ਜਿੱਤ ਦਰਜ ਕੀਤੀ। ਓਧਰ ਗਰੁੱਪ ਆਈ ਵਿਚ ਵੁਲਵਜ਼ ਨੇ ਸੇਂਟ ਏਸਟਿਨ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ ਵਿਚ ਥਾਂ ਬਣਾਈ। ਨਾਲ ਹੀ ਗਰੁੱਪ-ਜੀ ਵਿਚ ਪੋਰਤੋ ਨੇ ਫੇਏਨੋਰਡ ਨੂੰ 3-2 ਨਾਲ ਹਰਾ ਦਿੱਤਾ ਜਿੱਥੇ ਮੁਕਾਬਲੇ ਦੇ ਪੰਜ ਗੋਲ ਸ਼ੁਰੂਆਤੀ 33 ਮਿੰਟ ਅੰਦਰ ਕੀਤੇ ਗਏ।