ਸੁਡਾਨ ਧਮਾਕਾ: ਮਰਨ ਵਾਲਿਆਂ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਵੀ ਸ਼ਾਮਲ

by mediateam

ਵੈੱਬ ਡੈਸਕ (Vikram Sehajpal) : ਸੁਡਾਨ ਵਿੱਚ ਚੀਨੀ ਮਿੱਟੀ ਦੇ ਭਾਂਡੇ ਬਣਾਉਣ ਦੀ ਇੱਕ ਫ਼ੈਕਟਰੀ ਵਿੱਚ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ ਵਿੱਚ ਜ਼ਖ਼ਮੀ ਜਾਂ ਲਾਪਤਾ ਭਾਰਤੀ ਲੋਕਾਂ ਵਿੱਚ ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਨ। ਅਧਿਕਾਰੀ ਉਨ੍ਹਾਂ 18 ਭਾਰਤੀਆਂ ਦੇ ਬਾਰੇ ਪਤਾ ਲਾ ਰਹੇ ਹਨ ਜਿੰਨਾਂ ਦੀ ਇਸ ਹਾਦਸੇ ਵਿੱਚ ਮੌਤ ਹੋਈ ਹੈ।ਭਾਰਤੀ ਦੂਤਾਵਾਸ ਨੇ ਉਨ੍ਹਾਂ ਭਾਰਤੀਆਂ ਦੀ ਇੱਕ ਪੂਰੀ ਸੂਚੀ ਜਾਰੀ ਕਰ ਦਿੱਤੀ ਹੈ ਜਿਹੜੇ ਹਾਦਸੇ ਤੋਂ ਬਾਅਦ ਹਸਪਤਾਲ ਭਰਤੀ ਕਰਵਾਏ ਗਏ ਹਨ ਜਾਂ ਫਿਰ ਹਾਦਸੇ ਤੋਂ ਬਚ ਗਏ ਨੇ ਜਾਂ ਫਿਰ ਲਾਪਤਾ ਹਨ। ਇਹ ਹਾਦਸਾ ਸੁਡਾਨ ਦੀ ਰਾਜਧਾਨੀ ਖਾਰਤੁਨ ਦੇ ਬਾਹਰੀ ਇਲਾਕੇ ਵਿੱਚ ਸਥਿਤ ਸੀਲਾ ਸੇਰਾਮਿਕ ਫ਼ੈਕਟਰੀ ਵਿੱਚ ਮੰਗਲਵਾਰ ਨੂੰ ਹੋਇਆ ਸੀ ਜਿਸ ਵਿੱਚ 23 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 130 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ 18 ਭਾਰਤੀ ਹਨ ਜਿਨ੍ਹਾਂ ਦੀ ਸਨਾਖ਼ਤ ਅਜੇ ਤੱਕ ਨਹੀਂ ਹੋ ਸਕੀ ਹੈ। 

ਹਾਦਸੇ ਤੋਂ ਬਾਅਦ ਸੱਤ ਵਿਅਕਤੀਆਂ ਨੂੰ ਭਾਰਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੰਨਾਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਹੈ ਅਤੇ 16 ਲਾਪਤਾ ਹਨ।ਪੀੜਤਾਂ ਵਿੱਚ 6 ਤਾਮਿਲਨਾਡੂ ਤੋਂ, ਪੰਜ ਬਿਹਾਰ ਤੋਂ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਚਾਰ-ਚਾਰ, ਹਰਿਆਣਾ ਤੋਂ ਦੋ ਜਦੋਂ ਦਿੱਲੀ ਅਤੇ ਗੁਜਰਾਤ ਦਾ ਇੱਕ ਵਿਅਕਤੀ ਸ਼ਾਮਲ ਹੈ। ਜਿਹੜੇ ਹਸਪਤਾਲ ਵਿੱਚ ਭਰਤੀ ਹਨ ਉਨ੍ਹਾਂ ਵਿੱਚ ਜੈ ਕੁਮਾਰ, ਬੁਬਲਾ ਅਤੇ ਮਹੁੰਮਦ ਸਲੀਮ ਤਾਮਿਲਨਾਡੂ ਦੇ ਹਨ ਜਦੋਂ ਕਿ ਰਵਿੰਦਰ ਸਿੰਘ ਅਤੇ ਸੁਰੇਂਦਰ ਕੁਮਾਰ ਰਾਜਸਥਾਨ ਤੋਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਦੇ ਨੀਰਜ ਕੁਮਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਲਾਪਤਾ ਲੋਕਾਂ ਵਿੱਚ ਕੁਝ ਮਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਸਕਦੇ ਹਨ ਜੋ ਅਜੇ ਤੱਕ ਨਹੀਂ ਮਿਲੀ ਹੈ ਕਿਉਂਕਿ ਸਰੀਰ ਬੁਰੀ ਤਰ੍ਹਾਂ ਨਾਲ ਸੜ ਜਾਣ ਕਰਕੇ ਪਹਿਚਾਣ ਨਹੀਂ ਹੋ ਸਕੀ ਹੈ।