ਮਿਸ਼ਨ 2020 ਨੂੰ ਟੀਚਾ ਬਣਾ ਕੇ ਉਤਰੇਗੀ ਟੀਮ ਇੰਡੀਆ

by mediateam

ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਮਿਸ਼ਨ ਟੀ-20 ਵਿਸ਼ਵ ਕੱਪ (2020) ਦੀਆਂ ਤਿਆਰੀਆਂ ਨੂੰ ਲੈ ਕੇ ਆਪਣੀਆਂ ਰਣਨੀਤੀਆਂ ਤਿਆਰ ਕਰਨ ਵਿਚ ਲੱਗੀ ਹੈ। ਇਸ ਕੜੀ ਵਿਚ ਸ਼ੁੱਕਰਵਾਰ ਤੋਂ ਟੀਮ ਇੰਡੀਆ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਲੜੀ ਦਾ ਆਗਾਜ਼ ਕਰੇਗੀ ਤਾਂ ਉਸ ਦਾ ਟੀਚਾ ਅਗਲੇ ਸਾਲ ਅਕਤੂਬਰ ਵਿਚ ਆਸਟ੍ਰੇਲੀਆ ਵਿਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ 'ਤੇ ਹੀ ਹੋਵੇਗਾ। ਵਿਸ਼ਵ ਕੱਪ ਮਿਸ਼ਨ ਵਿਚ ਕੁੱਦਣ ਤੋਂ ਪਹਿਲਾਂ ਟੀਮ ਇੰਡੀਆ ਕੋਲ 11 ਟੀ-20 ਅੰਤਰਰਾਸ਼ਟਰੀ ਮੈਚ ਹੀ ਬਚੇ ਹਨ। ਅਜਿਹੇ ਵਿਚ ਕੁਝ ਸਵਾਲ ਹਨ, ਜਿਨ੍ਹਾਂ ਦਾ ਹੱਲ ਟੀਮ ਇੰਡੀਆ ਨੂੰ ਇਨ੍ਹਾਂ ਬਚੇ ਹੋਏ 11 ਮੈਚਾਂ ਵਿਚ ਲੱਭਣਾ ਹੈ।

ਵੱਡੇ ਟੀਚੇ ਦੇਣ ਹੋਣਗੇ

ਟੀ-20 ਕ੍ਰਿਕਟ ਵਿਚ ਟੀਮ ਇੰਡੀਆ ਟੀਚੇ ਦਾ ਪਿੱਛਾ ਕਰਨਾ ਜ਼ਿਆਦਾ ਪਸੰਦ ਕਰਦੀ ਹੈ। 2017 ਦੀ ਸ਼ੁਰੂਆਤ ਵਿਚ ਜਦ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡੀ ਸੀ, ਉਦੋਂ ਤੋਂ ਲੈ ਕੇ ਹੁਣ ਤਕ ਭਾਰਤੀ ਟੀਮ ਨੇ ਇਸ ਸਭ ਤੋਂ ਛੋਟੀ ਵੰਨਗੀ ਵਿਚ 45 ਮੈਚ ਖੇਡੇ ਹਨ। ਇਨ੍ਹਾਂ ਵਿਚ ਟੀਮ ਇੰਡੀਆ ਨੂੰ 30 ਵਿਚ ਜਿੱਤ ਮਿਲੀ, ਜਦਕਿ 14 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ 14 ਹਾਰਾਂ ਵਿਚੋਂ 10 ਹਾਰਾਂ ਉਦੋਂ ਮਿਲੀਆਂ ਹਨ, ਜਦ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਲਈ ਟੀਚਾ ਤੈਅ ਕੀਤਾ। ਅਜਿਹੇ ਵਿਚ ਟੀਮ ਨੂੰ ਇਸ ਪਾਸੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।

ਰਾਹੁਲ ਕੋਲ ਹੈ ਮੌਕਾ


ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਕ ਰੋਜ਼ਾ ਕ੍ਰਿਕਟ ਵਿਚ ਸ਼ਿਖਰ ਧਵਨ ਬਤੌਰ ਓਪਨਰ ਇਕ ਮੈਚ ਜੇਤੂ ਖਿਡਾਰੀ ਹਨ ਪਰ ਟੀ-20 ਦੇ ਲਿਹਾਜ ਤੋਂ ਉਨ੍ਹਾਂ ਦੀ ਹੌਲੀ ਬੱਲੇਬਾਜ਼ੀ ਨੇ ਸਮੱਸਿਆ ਜ਼ਰੂਰ ਖੜ੍ਹੀ ਕੀਤੀ ਹੈ। ਉਹ ਸ਼ੁਰੂਆਤ ਵਿਚ ਜ਼ਿਆਦਾ ਖ਼ਾਲੀ ਗੇਂਦਾਂ ਕੱਢ ਰਹੇ ਹਨ ਅਤੇ ਬਾਅਦ ਵਿਚ ਵੀ ਇਸ ਦੀ ਭਰਪਾਈ ਵੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦੀ ਖੇਡ ਰੋਹਿਤ ਸ਼ਰਮਾ ਵਰਗੀ ਨਹੀਂ ਹੈ ਤੇ ਨਾ ਹੀ ਉਹ ਵਿਰਾਟ ਕੋਹਲੀ ਦੀ ਤਰ੍ਹਾਂ ਤੇਜ਼ੀ ਨਾਲ ਇਕ-ਦੋ ਦੌੜਾਂ ਦੌੜਦੇ ਹਨ। ਸ਼ਿਖਰ ਇਸ ਲੜੀ ਵਿਚ ਸੱਟ ਕਾਰਨ ਮੌਜੂਦ ਨਹੀਂ ਹੋਣਗੇ ਅਤੇ ਅਜਿਹੇ ਵਿਚ ਕੇਐੱਲ ਰਾਹੁਲ ਕੋਲ ਇਸ ਥਾਂ 'ਤੇ ਕਬਜ਼ਾ ਕਰਨ ਦਾ ਸ਼ਾਨਦਾਰ ਮੌਕਾ ਹੈ। ਕਰਨਾਟਕ ਦੇ ਇਸ ਖਿਡਾਰੀ ਨੇ ਹਾਲ ਹੀ ਵਿਚ ਸੰਪੰਨ ਹੋਈ ਸਈਅਦ ਮੁਸ਼ਤਾਲ ਅਲੀ ਟੀ-20 ਟ੍ਰਾਫੀ ਵਿਚ ਕਾਫੀ ਦੌੜਾਂ ਬਣਾਈਆਂ ਹਨ।

ਸਪਿਨਰ ਹੋਣਗੇ ਅਹਿਮ

ਆਸਟ੍ਰੇਲੀਆ ਦੇ ਲਿਹਾਜ ਤੋਂ ਦੇਖਿਆ ਜਾਵੇ, ਜਿਥੇ ਵਿਕਟ ਦੀ ਸਤਹ ਠੋਸ ਰਹਿੰਦੀ ਹੈ, ਉਥੇ ਉਂਗਲੀ ਦੇ ਸਪਿਨਰਾਂ ਦੇ ਨਾਲ ਖੇਡਣਾ ਇਕ ਚੁਣੌਤੀ ਹੋ ਸਕਦਾ ਹੈ। ਇਸੇ ਕਾਰਨ ਵਿਰਾਟ ਦੀ ਅਗਵਾਈ ਵਾਲੀ ਟੀਮ ਇੰਡੀਆ ਸਫੈਦ ਗੇਂਦ ਵਾਲੀ ਵੰਨਗੀ ਵਿਚ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੇ ਸਥਾਨ 'ਤੇ ਚਾਈਨਾਮੈਨ ਕੁਲਦੀਪ ਯਾਦਵ ਤੇ ਲੈਗ ਸਪਿਨਰ ਯੁਜਵਿੰਦਰਾ ਸਿੰਘ ਚਾਹਲ ਨੂੰ ਤਰਜ਼ੀਹ ਦੇ ਰਹੀ ਹੈ। ਗੇਂਦਬਾਜ਼ੀ ਵਿਚ ਤਾਂ ਇਹ ਬਦਲਾਅ ਕਾਰਗਰ ਸਾਬਤ ਹੋਇਆ ਹੈ ਪਰ ਇਸ ਨਾਲ ਟੀਮ ਦਾ ਬੱਲੇਬਾਜ਼ੀ ਸੰਤੁਲਨ ਵੀ ਪ੍ਰਭਾਵਿਤ ਹੋਇਆ ਹੈ। ਕੋਹਲੀ ਟੀ-20 ਵੰਨਗੀ ਵਿਚ ਟੀਮ ਦੀ ਬੱਲੇਬਾਜ਼ੀ ਵਿਚ ਜ਼ਿਆਦਾ ਡੂੰਘਾਈ ਵਿਚ ਵਿਸ਼ਵਾਸ ਦਿਖਾ ਰਹੇ ਹਨ। ਇਸ ਮਕਸਦ ਨਾਲ ਟੀਮ ਇੰਡੀਆ ਨੇ ਕਰੁਣਾਲ ਪਾਂਡਿਆ ਤੇ ਵਾਸ਼ਿੰਗਟਨ ਸੁੰਦਰ ਨੂੰ ਅਜਮਾਇਆ ਹੈ। ਸੁੰਦਰ ਪਾਵਰ ਪਲੇਅ ਦੌਰਾਨ ਵੀ ਚੰਗੀ ਗੇਂਦਬਾਜ਼ੀ ਕਰਦੇ ਹਨ ਅਤੇ ਕਰੁਣਾਲ ਲੰਮੇ-ਲੰਮੇ ਹਿੱਟ ਲਗਾ ਸਕਦੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਦੋਵੇਂ ਖਿਡਾਰੀ ਆਸਟ੍ਰੇਲੀਆ ਪਿੱਚਾਂ 'ਤੇ ਇਖ ਮੈਚ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰ ਸਕਦੇ ਹਨ।

ਟੀਮਾਂ

ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼੍ਮਾ, ਕੇਐੱਲ ਰਾਹੁਲ, ਸ਼ਿਖਰ ਧਵਨ, ਰਿਸ਼ਭ ਪੰਤ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵਿੰਦਰਾ ਸਿੰਘ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ।

ਵੈਸਟਇੰਡੀਜ਼: ਕੀਰੋਨ ਪੋਲਾਰਡ (ਕਪਤਾਨ), ਫੈਬਿਆਨ ਐਲੇਨ, ਬ੍ਰੇਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੇਲਡਨ ਕਾਟਰੇਲ, ਇਵਨ ਲੁਇਸ, ਸ਼ੇਰਫੇਨ, ਰਦਰਫਾਰਡ, ਸ਼ਿਮਰੋਨ, ਹੈਟਮਾਇਰ, ਖਾਰੇ ਪਿਯਰੇ, ਲੇਂਡਲ ਸਿੰਮਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ, ਕੈਸਰਿਕ ਵਿਲੀਅਮਸ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।