ਚੰਡੀਗੜ (ਇੰਦਰਜੀਤ ਸਿੰਘ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਸੁਲਾਹ ਦੇ ਸਾਰੇ ਰਸਤੇ ਬੰਦ ਹੁੰਦੇ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਬਨਿਟ 'ਚ ਪਏ ਖ਼ਾਲੀ ਹੋਏ ਅਹੁਦੇ ਨੂੰ ਭਰਨ ਦੀ ਤਿਆਰੀ ਕਰ ਲਈ ਹੈ।ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਇਕ ਵਾਰ ਫਿਰ ਕੈਬਨਿਟ 'ਚ ਸ਼ਾਮਲ ਹੋ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੂਤਰਾਂ ਅਨੁਸਾਰ ਇਸ ਖਾਲੀ ਥਾਂ ਨੂੰ ਭਰਨ ਦਾ ਕਾਰਨ ਵੱਖ-ਵੱਖ ਵਿਧਾਇਕਾਂ ਵੱਲੋਂ ਬਗਾਵਤੀ ਸੁਰ ਅਪਣਾਉਣਾ ਵੀ ਹੈ।ਸਰਕਾਰ ਦੇ ਸਿਰਫ ਦੋ ਸਾਲ ਬਚੇ ਹਨ। ਅਜਿਹੇ 'ਚ ਸਾਰੇ ਵਿਧਾਇਕਾਂ ਦੀ ਨਜ਼ਰ ਇਸ ਅਹੁਦੇ 'ਤੇ ਹੈ।
ਮੰਤਰੀ ਬਣਨ ਦੀ ਦੌੜ 'ਚ ਸਪੀਕਰ ਰਾਣਾ ਕੇਪੀ ਸਿੰਘ ਵੀ ਹਨ, ਜੋ ਲੰਬੇ ਸਮੇਂ ਤੋਂ ਯਤਨ ਕਰ ਰਹੇ ਹਨ। ਨੌਜਵਾਨ ਆਗੂ ਕੁਲਜੀਤ ਨਾਗਰਾ ਦੇ ਵੀ ਇਸ ਦੌੜ 'ਚ ਸ਼ਾਮਲ ਹੋਣ ਦੀ ਚਰਚਾ ਹੈ। ਉਹ ਰਾਹੁਲ ਗਾਂਧੀ ਦੇ ਕਰੀਬੀ ਆਗੂਆਂ 'ਚ ਮੰਨੇ ਜਾਂਦੇ ਹਨ।ਨਵਜੋਤ ਸਿੰਘ ਸਿੱਧੂ ਨੇ ਜੁਲਾਈ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਈ 'ਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੈਬਨਿਟ 'ਚ ਹੋਏ ਫੇਰਬਦਲ ਤੋਂ ਉਹ ਨਾਰਾਜ਼ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ 'ਚ ਸ਼ਹਿਰੀ ਸੀਟਾਂ 'ਤੇ ਹਾਰ ਦਾ ਠੀਕਰਾ ਨਵਜੋਤ ਸਿੱਧੂ 'ਤੇ ਭੰਨਦੇ ਹੋਏ ਉਸ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਤੋਂ ਹਟਾ ਕੇ ਬਿਜਲੀ ਵਿਭਾਗ 'ਚ ਭੇਜ ਦਿੱਤਾ ਸੀ।ਸਿੱਧੂ ਨੇ ਪਾਵਰ ਵਿਭਾਗ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਹਾਈ ਕਮਾਂਡ ਨੂੰ ਵੀ ਬੇਨਤੀ ਕੀਤੀ ਸੀ ਕਿ ਉਨ੍ਹਾਂ ਦਾ ਮਹਿਕਮਾ ਨਾ ਬਦਲਿਆ ਜਾਵੇ ਪਰ ਉਸ ਦੀ ਇਕ ਨਾ ਸੁਣੀ ਗਈ ਸੀ।ਪੰਜਾਬ ਵਿਧਾਨ ਸਭਾ ਚੋਣਾਂ 'ਚ 77 ਸੀਟਾਂ ਜਿੱਤਣ ਤੋਂ ਬਾਅਦ ਲੋਕ ਸਭਾ 'ਚ ਵੀ ਪਾਰਟੀ ਨੂੰ ਅੱਠ ਸੀਟਾਂ ਮਿਲਣ ਨਾਲ ਕੈਪਟਨ ਅਮਰਿੰਦਰ ਸਿੰਘ ਮਜਬੂਤ ਨੇਤਾ ਦੇ ਰੂਪ 'ਚ ਉੱਭਰੇ ਸਨ। ਇਸ ਕਾਰਨ ਸਿੱਧੂ ਬਿਲਕੁੱਲ ਹਾਸ਼ੀਏ 'ਤੇ ਚਲੇ ਗਏ। ਸਿੱਧੂ ਦੇ ਅਸਤੀਫ਼ੇ ਕਾਰਨ ਖਾਲੀ ਹੋਏ ਅਹੁਦਿਆਂ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਇਹ ਚਰਚਾ ਚੱਲ ਰਹੀ ਸੀ ਕਿ ਕਿਸੇ ਵੀ ਵੇਲੇ ਸਿੱਧੂ ਦੀ ਕੈਪਟਨ ਨਾਲ ਸੁਲਾਹ ਹੋ ਸਕਦੀ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਅਹੁਦੇ ਨੂੰ ਭਰਨ ਲਈ ਤਿਆਰ ਨਹੀਂ ਹਨ, ਪਰ ਹੁਣ ਇਕ ਵਾਰ ਫਿਰ ਕੈਬਨਿਟ ਵਿਸਤਾਰ ਦੀ ਚਰਚਾ ਚੱਲ ਪਈ ਹੈ।
ਮੰਨਿਆ ਜਾ ਰਿਹਾ ਹੈ ਕਿ ਸਫਾਈ ਦੇ ਸਾਰੇ ਰਸਤੇ ਬੰਦ ਹੋ ਗਏ ਹਨ।ਰਾਣਾ ਗੁਰਜੀਤ ਸਿੰਘ ਮਾਰਚ 2017 'ਚ ਬਣੀ ਕੈਬਨਿਟ ਦਾ ਹਿੱਸਾ ਸਨ। ਉਨ੍ਹਾਂ ਨੇ ਪਿਛਲੇ ਸਾਲ ਜਨਵਰੀ 'ਚ ਪੰਜ ਕਰੋੜ ਦੇ ਰੇਤ ਘੁਟਾਲੇ 'ਚ ਫਸਣ ਕਾਰਨ ਅਸਤੀਫਾ ਦਿੱਤਾ ਸੀ। ਰਾਣਾ ਗੁਰਜੀਤ ਖ਼ਿਲਾਫ਼ ਚੱਲੀ ਜਾਂਚ 'ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲਣ ਮਗਰੋਂ ਉਹ ਫਿਰ ਮੰਤਰੀ ਬਣਨ ਦੀ ਦੌੜ 'ਚ ਸ਼ਾਮਲ ਹੋ ਗਏ ਸਨ, ਪਰ ਕੋਈ ਵੀ ਸੀਟ ਖਾਲੀ ਨਹੀਂ ਸੀ। ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ।