ਓਂਟਾਰੀਓ – ਅਧਿਆਪਕਾਂ ਨੇ 26 ਨਵੰਬਰ ਤੋਂ ਹੜਤਾਲ ‘ਤੇ ਜਾਣ ਦਾ ਕੀਤਾ ਐਲਾਨ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਓਂਟਾਰੀਓ 'ਚ ਹਾਈ ਸਕੂਲ ਅਧਿਆਪਕਾਂ ਨੇ 26 ਨਵੰਬਰ ਤੋਂ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿਤਾ ਹੈ। ਸੈਕੰਡਰੀ ਸਕੂਲ ਟੀਚਰਜ਼ ਫ਼ੈਡਰੇਸ਼ਨ ਦੇ ਪ੍ਰਧਾਨ ਹਾਰਵੀ ਬਿਸ਼ੌਫ਼ ਨੇ ਕਿਹਾ ਕਿ ਪਿਛਲੇ 20 ਸਾਲ ਵਿਚ ਪਹਿਲੀ ਵਾਰ ਹਾਈ ਸਕੂਲ ਅਧਿਆਪਕਾਂ ਦੀ ਹੜਤਾਲ ਦੀ ਨੌਬਤ ਆਈ ਹੈ ਅਤੇ ਇਸ ਵਾਸਤੇ ਸਿੱਧੇ ਤੌਰ 'ਤੇ ਡਗ ਫ਼ੋਰਡ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਹਨ। 

ਹੜਤਾਲ ਦਾ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਪਿਛਲੇ ਅੱਠ ਮਹੀਨੇ ਤੋਂ ਚੱਲ ਰਹੀ ਗੱਲਬਾਤ ਕਿਸੇ ਨਤੀਜੇ 'ਤੇ ਨਹੀਂ ਪੁੱਜ ਸਕੀ। ਨਿਯਮਾਂ ਮੁਤਾਬਕ ਅਧਿਆਪਕ ਯੂਨੀਅਨ ਨੇ ਹੜਤਾਲ ਤੋਂ ਪੰਜ ਦਿਨ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ। ਇਸ ਤੋਂ ਪਹਿਲਾਂ ਯੂਨੀਅਨ ਪੱਧਰ 'ਤੇ ਕਰਵਾਈ ਗਈ ਵੋਟਿੰਗ ਦੌਰਾਨ ਜ਼ਿਆਦਾਤਰ ਅਧਿਆਪਕਾਂ ਨੇ ਹੜਤਾਲ ਦੇ ਹੱਕ ਵਿਚ ਫ਼ਤਵਾ ਦਿਤਾ ਸੀ। 

ਸੋਮਵਾਰ ਤੱਕ ਸਰਕਾਰ ਨਾਲ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਵਿਦਿਆਰਥੀਆਂ ਦੀ ਪੜਾਈ ਬੁਰੀ ਤਰਾਂ ਪ੍ਰਭਾਵਤ ਹੋਵੇਗੀ। ਯੂਨੀਅਨ ਨਾਲ ਸਬੰਧਤ 92% ਸਿੱਖਿਆ ਕਾਮੇ ਹੜਤਾਲ ਦੀ ਹਮਾਇਤ ਕਰ ਚੁੱਕੇ ਹਨ ਜਦਕਿ ਪੱਕੇ ਅਤੇ ਕੱਚੇ ਅਧਿਆਪਕਾਂ ਵਿਚੋਂ 95.5% ਹੜਤਾਲ ਦੇ ਪੱਖ ਵਿਚ ਨਜ਼ਰ ਆਏ।