ਢਾਕਾ: ਪਿਆਜ਼ ਤੋਂ ਭਾਰਤੀ ਤਾਂ ਘੱਟ ਪਰੇਸ਼ਾਨ ਪਰ ਗੁਆਂਢੀ ਮੁਲਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੈ। ਆਲਮ ਇਹ ਹੈ ਕਿ ਗੁਆਂਢੀ ਦੇਸ਼ ਬੰਗਲਾਦੇਸ਼ 'ਚ ਪਿਆਜ਼ ਦੀ ਕੀਮਤ 220 ਰੁਪਏ ਪ੍ਰਤੀ ਕਿੱਲੋ ਪਹੁੰਚਣ ਤੋਂ ਬਾਅਦ ਖ਼ੁਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਿਆਜ਼ ਖਾਣਾ ਛੱਡ ਦਿੱਤਾ ਹੈ। ਦੇਸ਼ ਵਿਚ ਐਮਰਜੈਂਸੀ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਹਵਾਈ ਜਹਾਜ਼ ਰਾਹੀਂ ਪਿਆਜ਼ ਦਰਾਮਦ ਕੀਤਾ ਜਾ ਰਿਹਾ ਹੈ। ਅਸਲ ਵਿਚ ਭਾਰਤ 'ਚ ਪਿਆਜ਼ ਦੀਆਂ ਕੀਮਤਾਂ ਵਧਣ ਤੋਂ ਬਾਅਦ ਸਰਕਾਰ ਨੇ ਇਸ ਦੀ ਬਰਾਮਦ 'ਚ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਗੁਆਂਡੀ ਦੇਸ਼ਾਂ 'ਚ ਪਿਆਜ਼ ਦੇ ਭਾਅ ਅਸਮਾਨੀਂ ਪਹੁੰਚ ਗਏ।
ਭਾਰਤ 'ਚ ਮੌਨਸੂਨ ਦੌਰਾਨ ਜ਼ਬਰਦਸਤ ਬਾਰਿਸ਼ ਹੋਣ ਕਾਰਨ ਪਿਆਜ਼ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ। ਲਿਹਾਜ਼ਾ, ਪਿਆਜ਼ ਦਾ ਉਤਪਾਦਨ ਘਟ ਹੋਣ ਕਾਰਨ ਕੀਮਤਾਂ 'ਚ ਜ਼ਬਰਦਸਤ ਇਜ਼ਾਫ਼ਾ ਹੋਇਆ। ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਖਾਣੇ 'ਚ ਪਿਆਜ਼ ਦਾ ਜ਼ਿਆਦਾ ਹੀ ਇਸਤੇਮਾਲ ਹੁੰਦਾ ਹੈ। ਇਹ ਸਿਆਸੀ ਲਿਹਾਜ਼ ਤੋਂ ਵੀ ਕਾਫ਼ੀ ਸੰਵੇਦਨਸ਼ੀਲ ਹੈ। ਜ਼ਿਕਰਯੋਗ ਹੈ ਕਿ ਇਸ ਕਾਰਨ ਭਾਜਪਾ ਦੀ ਅਟਲ ਬਿਹਾਰੀ ਭਾਜਪਾਈ ਦੀ ਸਰਕਾਰ ਤਕ ਡਿੱਗ ਚੁੱਕੀ ਹੈ।
ਲਿਹਾਜ਼ਾ ਪਿਆਜ਼ ਦੀ ਮੰਗ ਵਧਣ ਨਾਲ ਬੰਗਲਾਦੇਸ਼ 'ਚ ਅਕਸਰ 25 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ 220 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਭਾਰਤ ਤੋਂ ਬਰਾਮਦ ਬੰਦ ਕੀਤੇ ਜਾਣ ਦਾ ਵੀ ਇਸ ਵਿਚ ਕਾਫ਼ੀ ਅਸਰ ਦਿਸ ਰਿਹਾ ਹੈ। ਆਲਮ ਇਹ ਹੋ ਗਿਆ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਆਪਣੇ ਖਾਣੇ 'ਚੋਂ ਪਿਆਜ਼ ਹਟਾ ਦਿੱਤਾ ਹੈ। ਉਨ੍ਹਾਂ ਦੇ ਡਿਪਟੀ ਪ੍ਰੈੱਸ ਸਕੱਤਰ ਹਸਨ ਜਾਹਿਦ ਤੁਸ਼ਾਰ ਨੇ ਕਿਹਾ ਕਿ ਪਿਆਜ਼ ਹਵਾਈ ਜਹਾਜ਼ ਰਾਹੀਂ ਮੰਗਵਾਇਆ ਜਾ ਰਿਹਾ ਹੈ।
ਸਥਾਨਕ ਮੀਡੀਆ ਨੇ ਦੱਸਿਆ ਕਿ ਪਿਆਜ਼ ਦੀ ਖੇਪ ਪ੍ਰਮੁੱਖ ਬੰਦਰਗਾਹ ਚਿਟਗਾਂਵ ਸ਼ਹਿਰ 'ਚ 17 ਨਵੰਬਰ ਨੂੰ ਪਹੁੰਚੀ ਹੈ। ਜਨਤਾ ਦਾ ਰੋਸ ਦੇਖਦੇ ਹੋਏ ਮਿਆਂਮਾਰ, ਤੁਰਕੀ, ਚੀਨ ਤੇ ਮਿਸਰ ਤੋਂ ਪਿਆਜ਼ ਦੀ ਦਰਾਮਦ ਕੀਤੀ ਗਈ ਹੈ। ਸਰਕਾਰੀ ਸੰਸਥਾ ਟਰੇਡਿੰਗ ਕਾਰਪੋਰੇਸ਼ਨ ਆਫ ਬੰਗਲਾਦੇਸ਼ ਵੱਲੋਂ ਰਾਜਧਾਨੀ ਢਾਕਾ 'ਚ ਸਬਸਿਡੀ 'ਤੇ ਪਿਆਜ਼ ਵੇਚਿਆ ਜਾ ਰਿਹਾ ਹੈ ਪਰ ਉਸ ਦੇ ਲਈ ਲੋਕਾਂ ਨੂੰ ਕਈ-ਕਈ ਘੰਟੇ ਲਾਈਨ 'ਚ ਖੜ੍ਹੇ ਹੋਣਾ ਪੈ ਰਿਹਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।