ਅੱਗੇ ਨਾਲੋਂ ਵਾਧੂ ਭਾਰਤੀਆਂ ਦੇ ਅਮਰੀਕਾ ‘ਚ H-1B ਵੀਜ਼ਾ ਹੋ ਰਹੇ ਹਨ ਖਾਰਜ

by

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਭਾਰਤੀ ਆਈਟੀ ਕੰਪਨੀਆਂ ਦੇ ਐੱਚ-1 ਬੀ ਵੀਜ਼ਾ ਅਰਜ਼ੀਆਂ ਖਾਰਜ ਹੋਣ ਦੇ ਮਾਮਲੇ ਕਾਫ਼ੀ ਵਧ ਗਏ ਹਨ। ਇਹ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ 'ਚ ਕਾਫ਼ੀ ਮਸ਼ਹੂਰ ਹੈ। ਥਿੰਕ ਟੈਂਕ ਨੈਸ਼ਨਲ ਫਾਉਂਡੇਸ਼ਨ ਫਾਰ ਅਮਰੀਕੀ ਪਾਲਿਸੀ ਮੁਤਾਬਕ ਇਸ ਸਾਲ ਭਾਰਤੀ ਆਈਟੀ ਪੇਸ਼ੇਵਰਾਂ ਦੇ ਐੱਚ-1 ਬੀ ਵੀਜ਼ਾ ਅਰਜ਼ੀਆਂ ਖਾਰਜ ਹੋਣ ਦੇ ਮਾਮਲਿਆਂ 'ਚ ਚਾਰ ਗੁਣਾ ਵਾਧਾ ਹੋਇਆ ਹੈ। 

ਸਾਲ 2015 'ਚ ਭਾਰਤੀਆਂ ਦੇ ਸਿਰਫ਼ ਛੇ ਫ਼ੀਸਦੀ ਅਰਜ਼ੀਆਂ ਖਾਰਜ ਹੋਈਆਂ ਸਨ, ਪਰ ਇਹ ਦਰ ਮੌਜੂਦਾ ਵਿੱਤ ਸਾਲ ਦੀ ਤੀਜੀ ਤਿਮਾਹੀ 'ਚ ਵਧ ਕੇ 24 ਫ਼ੀਸਦੀ ਹੋ ਗਈ ਹੈ। ਵੀਜ਼ਾ ਮਾਮਲਿਆਂ ਨੂੰ ਦੇਖਣ ਵਾਲੇ ਵਿਭਾਗ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਦੇ ਅੰਕੜਿਆਂ ਦਾ ਅਧਿਐਨ ਕਰ ਕੇ ਥਿੰਕ ਟੈਂਕ ਇਸ ਨਤੀਜੇ 'ਤੇ ਪਹੁੰਚਿਆ।

ਭਾਰਤੀ ਆਈਟੀ ਕੰਪਨੀਆਂ ਵਧੇਰੇ ਪ੍ਰਭਾਵਿਤ

  • ਭਾਰਤੀ ਕੰਪਨੀਆਂ 2015-2019
  • ਟੇਕ ਮਹਿੰਦਰਾ 04-41
  • ਟਾਟਾ ਕੰਸਲੈਂਟਸੀ 06 34
  • ਵਿਪਰੋ 07 53
  • ਇਨਫੋਸਿਸ 02 45

ਇਨ੍ਹਾਂ 'ਤੇ ਨਰਮੀ

  • ਅਮਰੀਕੀ ਕੰਪਨੀ 2015 -2019
  • ਅਮੇਜ਼ਨ 01-06
  • ਮਾਈਕ੍ਰੋਸਾਫਟ 01-08
  • ਇੰਟੈਲ 01-07
  • ਗੂਗਲ 01-03

ਇਸ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਅਮਰੀਕਾ 'ਚ ਸਥਿਤ ਭਾਰਤੀ ਆਈਟੀ ਕੰਪਨੀਆਂ ਟਰੰਪ ਪ੍ਰਸ਼ਾਸਨ ਦੀ ਸਖ਼ਤੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਟੇਕ ਮਹਿੰਦਰਾ, ਟਾਟਾ ਕੰਸਲੈਂਸੀ, ਵਿਪਰੋ ਤੇ ਇਨਫੋਸਿਸ ਵਰਗੀਆਂ ਭਾਰਤੀ ਆਈਟੀ ਕੰਪਨੀਆਂ ਸ਼ਾਮਿਲ ਹਨ।

ਕੀ ਹੈ ਐੱਚ-1 ਬੀ ਵੀਜ਼ਾ

ਭਾਰਤੀ ਪੇਸ਼ੇਵਰਾਂ ਵਿਚਕਾਰ ਕਾਫ਼ੀ ਮਸ਼ਹੂਰ ਐੱਚ-1ਬੀ ਵੀਜ਼ੇ ਜ਼ਰੀਏ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ 'ਚ ਕਾਫ਼ੀ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ 'ਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ ਤੇ ਛੇ ਸਾਲ ਤਕ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ 'ਤੇ ਲਗਾਮ ਕੱਸ ਦਿੱਤੀ ਗਈ ਹੈ।