ਅਮਰੀਕੀ ਫ਼ੌਜ ਨੇ ਬਗਦਾਦੀ ਦੇ ਉੱਤਰਾਅਧਿਕਾਰੀ ਨੂੰ ਵੀ ਮਾਰ ਮੁਕਾਇਆ : ਟਰੰਪ

by

ਵਾਸ਼ਿੰਗਟਨ ਡੈਸਕ (Vikram Sehajpal) : ਟਰੰਪ ਨੇ ਮੰਗਲਵਾਰ ਨੂੰ ਇੱਕ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ 'ਇਸਲਾਮਿਕ ਸਟੇਟ' (ISIS) ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੇ ਅਗਲੇ ਉਤਰਾਧਿਕਾਰੀ ਨੂੰ ਵੀ ਅਮਰੀਕੀ ਸੈਨਿਕਾਂ ਨੇ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਉਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਅਤੇ ਨਾ ਹੀ ਇਸ ਬਾਰੇ ਵਧੇਰੇ ਵਿਸਥਾਰ ਨਾਲ ਦੱਸਿਆ ਕਿ ਉਸ ਨੂੰ ਕਿਵੇਂ ਮਾਰਿਆ ਗਿਆ, ਪਰ ਅਮਰੀਕਾ ਨੇ ਸੋਮਵਾਰ ਨੂੰ ਆਈਐਸ ਦੇ ਬੁਲਾਰੇ ਤੇ ਜੇਹਾਦੀ ਸਮੂਹ ਦੇ ਉੱਚ ਪੱਧਰੀ ਸ਼ਖਸੀਅਤ ਅਬੂ ਅਲ-ਹਸਨ ਅਲ-ਮੁਹਾਜ਼ੀਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। 


ਦੱਸ ਦੇਈਏ ਅਬੂ ਬਕਰ ਅਲ-ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹਾਲ ਹੀ ਵਿੱਚ ISIS ਦੇ ਨਵੇਂ ਮੁਖੀ ਥਾਪੇ ਜਾਣ ਦੀ ਖ਼ਬਰ ਆਈ ਸੀ। ਸੱਦਾਮ ਹੁਸੈਨ ਦੀ ਫ਼ੌਜ 'ਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਨਵਾਂ ISIS ਮੁਖੀ ਥਾਪਿਆ ਗਿਆ ਸੀ। ਸੱਦਾਮ ਹੁਸੈਨ ਦਾ ਸੱਜਾ ਹੱਥ ਰਹੇ ਹਾਜੀ ਅਬਦੁੱਲ੍ਹਾ, ਅਲ-ਅਫ਼ਾਰੀ ਜਾਂ ਪ੍ਰੋਫ਼ੈਸਰ ਦੇ ਨਾਂਅ ਨਾਲ ਮਸ਼ਹੂਰ ਕਰਦਸ਼ ਨੂੰ ਬਗ਼ਦਾਦੀ ਨੇ ISIS ਦੇ ਕਥਿਤ ਮੁਸਲਿਮ ਮਾਮਲਿਆਂ ਦਾ ਵਿਭਾਗ ਚਲਾਉਣ ਲਈ ਖ਼ੁਦ ਚੁਣਿਆ ਸੀ।

ਦੱਸ ਦੇਈਏ ਦੁਨੀਆ ਵਿੱਚ ਅੱਤਵਾਦ ਦਾ ਸਭ ਤੋਂ ਖੂੰਖਾਰ ਨਾਂ ਅਬੂ ਬਕਰ ਅਲ ਬਗਦਾਦੀ ਸ਼ਨੀਵਾਰ ਦੀ ਰਾਤ ਨੂੰ ਮਾਰਿਆ ਗਿਆ। ਉਸ ਨੂੰ ਅਮਰੀਕੀ ਫੌਜ ਨੇ ਉੱਤਰ ਪੱਛਮ ਇਲਾਕੇ ਵਿੱਚ ਮਾਰਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ੁਦ ਇਸ ਆਪਰੇਸ਼ਨ ਨੂੰ ਲਾਈਵ ਦੇਖ ਰਹੇ ਸੀ। ਬਗਦਾਦੀ ਇੱਕ ਸੁਰੰਗ ਵਿੱਚ ਲੁਕਿਆ ਸੀ ਪਰ ਘੇਰਾਬੰਦੀ ਅਜਿਹੀ ਸੀ ਕਿ ਉਸ ਕੋਲ ਬਚਣ ਦਾ ਕੋਈ ਚਾਰਾ ਨਹੀਂ ਸੀ। ਉਹ ਮੌਤ ਤੋਂ ਪਹਿਲਾਂ ਸੁਰੰਗ ਵਿੱਚ ਰੋਂਦਾ ਤੇ ਚੀਕਦਾ ਰਿਹਾ।