ਖਹਿਰਾ ਨੇ ਆਪਣਾ ਅਸਤੀਫਾ ਵਾਪਿਸ ਲੈਣ ਨੂੰ ਜਾਇਜ ਠਹਿਰਾਇਆ

by mediateam

ਕਪੂਰਥਲਾ (ਇੰਦਰਜੀਤ ਸਿੰਘ) : ਸਪੀਕਰ ਵਿਧਾਨ ਸਭਾ ਨੂੰ ਦਿੱਤਾ ਐਮ.ਐਲ.ਏ ਦਾ ਅਸਤੀਫਾ ਵਾਪਿਸ ਲੈਂਦੇ ਹੋਏ ਖਹਿਰਾ ਨੇ ਆਪਣੇ ਇਸ ਕਦਮ ਨੂੰ ਇਹ ਕਹਿੰਦੇ ਹੋਏ ਜਾਇਜ ਠਹਿਰਾਇਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚੋਂ ਬਾਹਰ ਕੱਢੇ ਜਾਣ ਸਮੇਂ ਕੇਜਰੀਵਾਲ ਨੇ ਇੱਕ ਤਾਨਾਸ਼ਾਹ ਵਜੋਂ ਕਾਰਵਾਈ ਕੀਤੀ ਅਤੇ ਆਪਣੇ ਹੀ ਬਣਾਏ ਸੰਵਿਧਾਨ ਨੂੰ ਮੁਕੰਮਲ ਤੋਰ ਉੱਪਰ ਛਿੱਕੇ ਉੱਤੇ ਟੰਗਿਆ। ਖਹਿਰਾ ਨੇ ਕਿਹਾ ਕਿ ਪਾਰਟੀ ਦੇ ਦੋਫਾੜ ਹੋਣ ਦਾ ਅਸਲ ਜਿੰਮੇਵਾਰ ਖੁਦ ਕੇਜਰੀਵਾਲ ਹੀ ਸੀ ਜਦ ਉਸ ਨੇ ਡਰੱਗ ਮਾਫੀਆ ਬਿਕਰਮ ਮਜੀਠੀਆ ਉੱਪਰ ਲਗਾਏ ਗਏ ਆਪਣੇ ਡਰੱਗ ਇਲਜਾਮਾਂ ਦੀ ਕਾਇਰਤਾ ਭਰਪੂਰ ਮੁਆਫੀ ਮੰਗੀ ਸੀ। ਖਹਿਰਾ ਨੇ ਕਿਹਾ ਕਿ ਜਦ ਉਹਨਾਂ ਅਤੇ ਹੋਰਨਾਂ ਨੇ ਇਸ ਬੁਜਦਿਲੀ ਦਾ ਵਿਰੋਧ ਕੀਤਾ ਤਾਂ ਕੇਜਰੀਵਾਲ ਉਹਨਾਂ ਅਤੇ ਹੋਰਨਾਂ ਵਿਧਾਇਕਾਂ ਖਿਲਾਫ ਬਦਲਾ ਲਊ ਕਾਰਵਾਈ ਕਰਨ ਲਗ ਪਿਆ।ਇਸ ਲਈ ਕੇਜਰੀਵਾਲ ਨੇ ਪਾਰਟੀ ਦੇ ਸੰਵਿਧਾਨਕਾਰ ਵਿੰਗ ਦੀ ਮੀਟਿੰਗ ਸੰਮਨ ਕੀਤੇ ਬਿਨਾਂ ਹੀ ਗੈਰਸੰਵਿਧਾਨਕ ਢੰਗ ਨਾਲ ੨੬ ਜੁਲਾਈ ੨੦੧੮ ਨੂੰ ਟਵਿੱਟਰ ਦੇ ਰਾਹੀ ਉਹਨਾਂ ਨੂੰ ਵਿਰੋਧੀ ਧਿਰ ਨੇਤਾ ਤੋਂ ਹਟਾ ਦਿੱਤਾ। 

ਖਹਿਰਾ ਨੇ ਕਿਹਾ ਕਿ ਇਸ ਗੈਰਸੰਵਿਧਾਨਕ ਕਦਮ ਨੇ ਸਿੱਧ ਕਰ ਦਿੱਤਾ ਕਿ ਕੇਜਰੀਵਾਲ ਇੱਕ ਤਾਨਾਸ਼ਾਹ ਵਜੋਂ ਕੰਮ ਕਰਦਾ ਹੈ ਅਤੇ ਨਾ ਕਿ ਇੱਕ ਇੱਕ ਡੈਮੋਕ੍ਰੇਟ ਵਜੋਂ।ਖਹਿਰਾ ਨੇ ਕਿਹਾ ਕਿ ਵਿਚਾਰਧਾਰਕ ਮੱਤਭੇਦਾਂ ਉੱਪਰ ਸਾਡਾ ਵਿਰੋਧ ਨਾ ਹਜਮ ਕਰ ਸਕਣ ਵਾਲੇ ਕੇਜਰੀਵਾਲ ਨੇ ਮੁੜ ਫਿਰ ਤਾਨਾਸ਼ਾਹੀ ਰੂਪ ਦਿਖਾਉਂਦੇ ਹੋਏ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੈਨੂੰ ਅਤੇ ਐਮ.ਐਲ.ਏ ਕੰਵਰ ਸੰਧੂ ਨੂੰ ੩ ਨਵੰਬਰ ੨੦੧੮ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ, ਜੋ ਕਿ ਬਿਨਾਂ ਪਾਰਟੀ ਦੇ ਸੰਵਿਧਾਨ ਦੀ ਪਾਲਣਾ ਕੀਤੇ ਮੂੰਹ ਜੁਬਾਨੀ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਸਸਪੈਂਡ ਕੀਤੇ ਜਾਣ ਬਾਰੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਤੋਂ ਹੀ ਪਤਾ ਲੱਗਿਆ ਅਤੇ ਉਹਨਾਂ ਨੂੰ ਨਾ ਤਾਂ ਮਾਮਲੇ ਵਿੱਚ ਆਪਣਾ ਪੱਖ ਰੱਖਣ ਦਾ ਮੋਕਾ ਦਿੱਤਾ ਗਿਆ ਨਾ ਹੀ ਕੋਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਨਾ ਹੀ ਉਹਨਾਂ ਨੂੰ ਸਸਪੈਂਡ ਕੀਤੇ ਜਾਣ ਬਾਰੇ ਲਿਖਤੀ ਰੂਪ ਵਿੱਚ ਕੁਝ ਦੱਸਿਆ ਗਿਆ।

ਖਹਿਰਾ ਨੇ ਕਿਹਾ ਕਿ ਇਸੇ ਤਰਾਂ ਹੀ ਬਾਅਦ ਵਿੱਚ ਇੱਕ ਪਾਰਟੀ ਆਗੂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਉਹ ਕਿਤੇ ਵੀ ਜਾਣ ਲਈ ਅਜਾਦ ਹਨ।ਖਹਿਰਾ ਨੇ ਕੇਜਰੀਵਾਲ ਨੂੰ ਚੁਣੋਤੀ ਦਿੱਤੀ ਕਿ ਉਹਨਾਂ ਵੱਲੋਂ ਸਸਪੈਂਸ਼ਨ ਆਰਡਰ ਪ੍ਰਾਪਤ ਕੀਤੇ ਜਾਣ ਦੀ ਇੱਕ ਵੀ ਰਸੀਦ ਦਿਖਾ ਦੇਣ। ਖਹਿਰਾ ਨੇ ਕਿਹਾ ਕਿ ਹੁਣ ਕੇਜਰੀਵਾਲ ਅਤੇ ਉਸ ਦਾ ਖੁਸ਼ਾਮਦੀਆਂ ਦਾ ਟੋਲਾ ਉਹਨਾਂ ਨੂੰ ਅਤੇ ਕੰਵਰ ਸੰਧੂ ਨੂੰ ਸਸਪੈਂਡ ਕੀਤੇ ਜਾਣ ਦੇ ਗੈਰਕਾਨੂੰਨੀ ਅਤੇ ਗੈਰਸੰਵਿਧਾਨਕ ਕਦਮ ਨੂੰ  ਜਾਇਜ ਠਹਿਰਾਉਣ ਲਈ ਫਰਜੀ ਰਿਕਾਰਡ ਤਿਆਰ ਕਰਨਗੇ।ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦਾ ਤਾਨਾਸ਼ਾਹੀ ਅਤੇ ਡਰਪੋਕ ਚਿਹਰਾ ਬਾਰ ਬਾਰ ਲੋਕਾਂ ਸਾਹਮਣੇ ਨੰਗਾ ਹੋਇਆ ਹੈ ਅਤੇ ਇਹ ਹੀ ਮੁੱਖ ਤੋਰ ਉੱਪਰ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਐਚ.ਐਸ.ਫੂਲਕਾ, ਛੋਟੇਪੁਰ, ਗੁਰਪ੍ਰੀਤ ਘੁੱਗੀ, ਡਾ.ਗਾਂਧੀ ਆਦਿ ਵਰਗੇ ਸਾਰੇ ਪ੍ਰਮੁੱਖ ਵਿਅਕਤੀਆਂ ਦਾ ਅਪਮਾਨ ਕੀਤਾ ਗਿਆ ਅਤੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ। 

ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੋਗਲੇ ਚਿਹਰੇ ਵਾਲਾ ਵਿਅਕਤੀ ਹੈ ਅਤੇ ਕਦੇ ਵੀ ਯੂ ਟਰਨ ਲੈਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ ਚਾਹੇ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣੀ ਹੋਵੇ ਜਾਂ ਗਠਜੋੜ ਲਈ ਕਾਂਗਰਸ ਦੇ ਤਰਲੇ ਮਾਰਨਾ ਹੋਵੇ ਜਾਂ ਇੱਕ ਪਾਸੇ ਦਿੱਲੀ ਵਾਸਤੇ ਪੂਰਨ ਰਾਜ ਦੇ ਦਰਜ਼ੇ ਦੀ ਮੰਗ ਕਰਦੇ ਹੋਏ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਯੂ.ਟੀ ਬਣਾਏ ਜਾਣ ਦੇ ਫੈਸਲੇ ਦੀ ਹਮਾਇਤ ਕਰਨਾ ਹੋਵੇ।ਖਹਿਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਭੁਲੱਥ ਹਲਕੇ ਦੇ ਸੈਕੜਿਆਂ ਸਨਮਾਨਯੋਗ ਅਤੇ ਚੁਣੇ ਹੋਏ ਲੋਕਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਅਤੇ ਵਿਧਾਨ ਸਭਾ ਤੋਂ ਅਸਤੀਫਾ ਨਾ ਦੇਣ ਦੀ ਸਲਾਹ ਦਿੱਤੀ ਕਿਉਂਕਿ ਇਸ ਨਾਲ ਵੋਟਰਾਂ ਉੱਪਰ ਗੈਰਲੋੜੀਂਦੀ ਜਿਮਨੀ ਚੋਣ ਦਾ ਬੋਝ ਪਵੇਗਾ।

ਖਹਿਰਾ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਇਹ ਜਿਮਨੀ ਚੋਣਾਂ ਸ਼ਰਾਬ, ਨਸ਼ਿਆਂ, ਪੈਸੇ ਆਦਿ ਦੀ ਸ਼ਰੇਆਮ ਦੁਰਵਰਤੋਂ ਕੀਤੇ ਜਾਣ ਨਾਲ ਮਾਹੋਲ ਨੂੰ ਵੀ ਖਰਾਬ ਕਰਦੀਆਂ ਹਨ।ਇਸ ਲਈ ਖਹਿਰਾ ਨੇ ਕਿਹਾ ਕਿ ਆਪਣੀ ਲੀਗਲ ਟੀਮ, ਭੁਲੱਥ ਅਤੇ ਆਪਣੇ ਸਾਥੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੇ ਅਸਤੀਫੇ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਗੂ ਉਹਨਾਂ ਖਿਲਾਫ ਪੈਡਿੰਗ ਆਯੋਗ ਠਹਿਰਾਏ ਜਾਣ ਦੇ ਮਾਮਲੇ ਨੂੰ ਸਹੀ ਸਾਬਿਤ ਕਰਨ ਲਈ ਪੂਰੀ ਤਰਾਂ ਨਾਲ ਅਜਾਦ ਹਨ, ਅਤੇ ਇਹਨਾਂ ਤਾਨਾਸ਼ਾਹ ਲੋਕਾਂ ਨੂੰ ਸਹੀ ਸਮੇਂ ਉੱਪਰ ਦੇਣ ਵਾਸਤੇ ਉਹਨਾਂ ਕੋਲ ਢੁੱਕਵਾਂ ਜਵਾਬ ਹੈ।