8ਵਾਂ ੴ ਨੈਸ਼ਨਲ ਗੱਤਕਾ ਕੱਪ ਪੰਜਾਬ ਦੀ ਟੀਮ ਨੇ ਜਿੱਤਿਆ

by mediateam

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ੴ ਨੈਸ਼ਨਲ ਗੱਤਕਾ ਕੱਪ ਪੰਜਾਬ ਦੀ ਟੀਮ ਨੇ ਫਸਵੇਂ ਮੁਕਾਬਲੇ ਵਿਚ ਜਿੱਤਿਆ। ਇਸ ਮੁਕਾਬਲੇ ਵਿਚ 8 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਇਹ ਟੀਮਾਂ ਰਾਜਸਥਾਨ, ਜੰਮੂ ਕਸ਼ਮੀਰ, ਚੰਂਡੀਗੜ੍ਹ, ਹਰਿਆਣਾ, ਪੰਜਾਬ, ਯੂ.ਪੀ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰਾ ਸਨ। ਗੱਤਕੇ ਦੇ ਇਹਨਾਂ ਮੁਕਾਬਲਿਆਂ ਵਿਚ ਦੂਜੇ ਸਥਾਨ ‘ਤੇ ਚੰਡੀਗੜ੍ਹ ਦੀ ਟੀਮ ਰਹੀ ਜਦਕਿ ਤੀਜੇ ਸਥਾਨ ‘ਤੇ ਜੰਮੂ ਕਸ਼ਮੀਰ ਅਤੇ ਚੌਥੇ ਸਥਾਨ ‘ਤੇ ਯੂ.ਪੀ ਦੀ ਟੀਮ ਰਹੀ। ਪਹਿਲੇ ਸਥਾਨ ਤੇ ਰਹੀ ਪੰਜਾਬ ਟੀਮ ਨੇ 25000 ਹਜ਼ਾਰ ਦਾ ਨਕਦ ਇਨਾਮ ਤੇ 17 ਹਜ਼ਾਰ ਦਾ ਕੱਪ ਜਿੱਤਿਆ। ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 21 ਹਜ਼ਾਰ ਦਾ ਨਕਦ ਇਨਾਮ ਤੇ 15 ਹਜ਼ਾਰ ਦਾ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤੀਜੇ ਸਥਾਨ ਤੇ ਰਹੀ ਟੀਮ ਜਿਸਨੇ 15 ਹਜ਼ਾਰ ਦਾ ਨਕਦ ਇਨਾਮ ਤੇ 13 ਹਜ਼ਾਰ ਦਾ ਕੱਪ ਜਿੱਤਿਆ।

ਇਹਨਾਂ ਸ਼ਾਨਦਾਰ ਮੁਕਾਬਲਿਆਂ ਨੂੰ ਦੇਖਣ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਨਵੇਂ ਬਣੇ ਦਰਬਾਰ ਸਾਹਿਬ ਨੇੜੇ ਖੂਬਸੁਰਤ ਸਟੇਜ਼ ਲਗਾਈ ਗਈ ਸੀ। ਗੱਤਕਾ ਫੈਡਰੇਸ਼ਨ ਏਸ਼ੀਆ ਦੇ ਪ੍ਰਧਾਨ ਡਾ. ਐਸ ਪੀ ਸਿੰਘ ਉਬਰਾਏ ਉਚੇਚੇ ਤੌਰ ਤੇ ਇਹਨਾਂ ਮੁਕਾਬਲਿਆਂ ਨੂੰ ਦੇਖਣ ਲਈ ਪਹੁੰਚੇ। ਇਹਨਾਂ ਮੁਕਾਬਲਿਆਂ ਵਿਚ ਟੀਮ ਸ਼ਸਤਰ ਪ੍ਰਦਰਸ਼ਨ ਅਤੇ ਫਾਇਟ ਦੇ ਮੁਕਾਬਲੇ ਕਰਵਾਏ ਗਏ। ਖਾਲਸਾਈ ਬਾਣੇ ਵਿਚ ਸਜ਼ੇ ਗੱਤਕਾ ਖਿਡਾਰੀ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸੀ। ਗੱਤਕਾ ਮੁਕਾਬਲ਼ਿਆਂ ਵਿਚ ਲੜਕੀਆਂ ਨੇ ਵੀ ਹਿੱਸਾ ਲਿਆ ਤੇ ਆਪਣੀ ਕਲਾ ਦਾ ਲੋਹਾ ਮਨਵਾਇਆ। 8ਵਾਂ ਇਕ ਓਂਕਾਰ ਨੈਸ਼ਨਲ ਗੱਤਕਾ ਕੱਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਇਕ ਓਂਕਾਰ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਕ ਓਕਾਂਰ ਗੱਤਕਾ ਅਖਾੜਾ ਸੀਚੇਵਾਲ ਦੀ ਸਥਾਪਨਾ 8 ਸਾਲ ਪਹਿਲਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਡਾ. ਐਸ ਪੀ ਉਬਰਾਏ ਦੁਆਰਾ ਕੀਤੀ ਗਈ ਸੀ। 

ਇਸ ਮੌਕੇ ਉਹਨਾਂ ਕਿਹਾ ਕਿ ਗੱਤਕਾ ਸਿੱਖ ਕੌਮ ਦੀ ਰਿਵਾਇਤੀ ਖੇਡ ਹੈ ਜਿਸਨੂੰ ਸ੍ਰੀ ਹਰਿਗੋਬਿੰਦ ਸਾਹਿਬ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਬਣੀ ਹੋਈ ਹੈ। ਗੱਤਕਾ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਨੈਸ਼ਨਲ ਪੱਧਰ ਦਾ ਗੱਤਕਾ ਕੱਪ ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਕਰਵਾਇਆ ਜਾਂਦਾ ਸੀ, ਪਰ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਮੁੱਖ ਸੇਵਾਦਾਰ ਸੰਤ ਦਇਆ ਸਿੰਘ, ਸੰਤ ਲੀਡਰ ਸਿੰਘ ਜੀ ਸੈਫਲਾਬਾਦ, ਗੁਰਦੁਆਰਾ ਸੈਦਰਾਣਾ ਸਾਹਿਬ ਤੋਂ ਸੰਤ ਗੁਰਮੇਜ਼ ਸਿੰਘ, ਸੰਤ ਸੁਖਜੀਤ ਸਿੰਘ, ਸੰਤ ਪਾਲ ਸਿੰਘ ਲੋਹੀਆਂ, ਐਨ ਜੀ ਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ, ਕੋਚ ਅਮਨਦੀਪ ਸਿੰਘ, ਜੱਗ ਦੱਤ ਸ਼ਰਮਾਂ, ਮਨਜੀਤ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ। ਸੀਚੇਵਾਲ ਦੇ ਸਰਪੰਚ ਤਜਿੰਦਰ ਸਿੰਘ ਨੇ ਸਟੇਜ਼ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।