ਪਹਿਲੀ ਵਾਰ ਚੋਣ ਸਰਵੇਖਣਾਂ ਵਿਚ ਕੰਜ਼ਰਵੇਵਿਟਵ ਪਾਰਟੀ ਤੋਂ ਅੱਗੇ ਨਿਕਲੀ ਲਿਬਰਲ ਪਾਰਟੀ

by mediateam

ਟੋਰਾਂਟੋ (Vikram Sehajpal) : ਕੈਨੇਡੀਅਨ ਆਮ ਚੋਣਾਂ 'ਚ ਕੰਜ਼ਰਵੇਵਿਟਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਦੀ ਦੂਹਰੀ ਨਾਗਰਿਕਤਾ ਦਾ ਮੁੱਦਾ ਕੈਨੇਡਾ ਦੇ ਵੋਟਰਾਂ ਉਪਰ ਅਸਰ ਪਾਉਂਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਫ਼ਰਵਰੀ ਤੋਂ ਬਾਅਦ ਪਹਿਲੀ ਵਾਰ ਚੋਣ ਸਰਵੇਖਣਾਂ ਵਿਚ ਲਿਬਰਲ ਪਾਰਟੀ ਅੱਗੇ ਨਜ਼ਰ ਆ ਰਹੀ ਹੈ। ਸੀ.ਬੀ.ਸੀ. ਦੇ ਤਾਜ਼ਾ ਸਰਵੇਖਣ ਮੁਤਾਬਕ 34 ਫ਼ੀ ਸਦੀ ਕੈਨੇਡੀਅਨ, ਲਿਬਰਲ ਪਾਰਟੀ ਦੀ ਹਮਾਇਤ ਕਰ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਸਮਰਥਕਾਂ ਦੀ ਗਿਣਤੀ 33.6 ਫ਼ੀ ਸਦੀ ਦੱਸੀ ਗਈ ਹੈ।

ਸਿਰਫ਼ ਸੀ.ਬੀ.ਸੀ. ਦੇ ਚੋਣ ਸਰਵੇਖਣ ਵਿਚ ਹੀ ਨਹੀਂ ਸਗੋਂ ਹੋਰ ਕਈ ਸਰਵੇਖਣਾਂ ਵਿਚ ਲਿਬਰਲ ਪਾਰਟੀ ਨੂੰ ਅੱਗੇ ਦੱਸਿਆ ਜਾ ਰਿਹਾ ਹੈ। ਨੈਨੋਜ਼ ਵੱਲੋਂ ਸੀ.ਟੀ.ਵੀ. ਅਤੇ ਗਲੋਬ ਐਂਡ ਮੇਲ ਵਾਸਤੇ ਕੀਤੇ ਗਏ ਸਰਵੇਖਣ ਮੁਤਾਬਕ ਕੈਨੇਡਾ ਦੇ 36 ਫ਼ੀ ਸਦੀ ਲੋਕ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਪਾਰਟੀ ਦੇ ਹੱਕ ਵਿਚ ਖੜੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 33 ਫ਼ੀ ਸਦੀ ਲੋਕਾਂ ਦੀ ਹਮਾਇਤ ਮਿਲ ਰਹੀ ਹੈ। ਪਿਛਲੇ 9 ਮਹੀਨੇ ਦੌਰਾਨ ਆਏ ਕਿਸੇ ਵੀ ਚੋਣ ਸਰਵੇਖਣ ਵਿਚ ਲਿਬਰਲ ਪਾਰਟੀ ਪਹਿਲੇ ਸਥਾਨ 'ਤੇ ਨਹੀਂ ਪੁੱਜ ਸਕੀ ਸੀ।