ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਖੱਬੂ ਗੇਂਦਬਾਜ਼ ਬਣੇ ਜਡੇਜਾ

by

ਨਵੀਂ ਦਿੱਲੀ: ਭਾਰਤੀ ਸਪਿੰਨਰ ਰਵਿੰਦਰ ਜਡੇਜਾ ਸ਼ੁੱਕਰਵਾਰ ਨੂੰ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 200 ਵਿਕਟਾਂ ਪੂਰੀਆਂ ਕਰਨ ਵਾਲੇ ਖੱਬੇ ਹੱਥ ਦੇ ਗੇਂਜਬਾਜ਼ ਬਣ ਗਏ। ਉਨ੍ਹਾਂ ਨੇ ਇਹ ਉਪਲੱਬਧੀ ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਹਾਸਲ ਕੀਤੀ। ਜਡੇਜਾ ਨੇ ਕਰੀਅਰ ਦੇ 44ਵੇਂ ਟੈਸਟ ਵਿਚ 200 ਵਿਕਟਾਂ ਦਾ ਅੰਕੜਾ ਛੂਹਿਆ। ਉਨ੍ਹਾਂ ਨੇ ਸ੍ਰੀਲੰਕਾ ਦੇ ਖੱਬੇ ਹੱਥ ਦੇ ਸਪਿੰਨਰ ਰੰਗਨਾ ਹੇਰਾਥ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਆਪਣਾ 47ਵੇਂ ਟੈਸਟ ਮੈਚ ਖੇਡਦੇ ਹੋਏ 200 ਵਿਕਟਾਂ ਪੂਰੀਆਂ ਕੀਤੀਆਂ। ਜਡੇਜਾ 200 ਟੈਸਟ ਵਿਕਟਾਂ ਲੈਣ ਵਾਲੇ ਭਾਰਤ ਦੇ ਕੁੱਲ 10ਵੇਂ ਗੇਂਦਬਾਜ਼ ਹਨ। 30 ਸਾਲ ਦੇ ਜਡੇਜਾ ਨੇ ਪਾਰੀ ਦੇ 100ਵੇਂ ਓਵਰ ਵਿਚ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਡੀਨ ਏਲਗਰ (160) ਨੂੰ ਸਕੁਆਇਰ ਲੈੱਗ ਬਾਊਂਡਰੀ 'ਤੇ ਚੇਤੇਸ਼ਵਰ ਪੁਜਾਰਾ ਹੱਥੋਂ ਕੈਚ ਕਰਵਾ ਕੇ ਆਪਣਾ 200ਵਾਂ ਟੈਸਟ ਵਿਕਟ ਹਾਸਲ ਕੀਤਾ। ਦੂਜੇ ਦਿਨ ਦੀ ਖੇਡ ਵਿਚ ਡੇਨ ਪੀਟ (00) ਜਡੇਜਾ ਦੇ 199ਵੇਂ ਸ਼ਿਕਾਰ ਬਣੇ ਸਨ। ਜਡੇਜਾ ਨਾਲ ਹੀ ਸਭ ਤੋਂ ਤੇਜ਼ 200 ਟੈਸਟ ਵਿਕਟਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣੇ। ਭਾਰਤ ਲਈ ਉਨ੍ਹਾਂ ਤੋਂ ਘੱਟ ਮੈਚਾਂ ਵਿਚ 200 ਟੈਸਟ ਵਿਕਟਾਂ ਸਿਰਫ਼ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਲਈਆਂ ਹਨ। ਅਸ਼ਵਿਨ ਨੇ ਆਪਣਾ 37ਵਾਂ ਟੈਸਟ ਮੈਚ ਖੇਡਦੇ ਹੋਏ 200 ਵਿਕਟਾਂ ਪੂਰੀਆਂ ਕੀਤੀਆਂ ਸਨ। ਸਭ ਤੋਂ ਘੱਟ ਮੈਚਾਂ 'ਚ 200 ਟੈਸਟ ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਗੇਂਦਬਾਜ਼ਾਂ 'ਚ ਭਾਰਤ ਦੇ ਰਵਿੰਦਰ ਜਡੇਜਾ (44 ਟੈਸਟ) ਪਹਿਲੇ, ਸ੍ਰੀਲੰਕਾ ਦੇ ਰੰਗਨਾ ਹੇਰਾਥ (47 ਟੈਸਟ) ਦੂਜੇ, ਆਸਟ੍ਰੇਲੀਆ ਦੇ ਮਿਸ਼ੇਲ ਜਾਨਸਨ (49 ਟੈਸਟ) ਤੀਜੇ, ਆਸਟ੍ਰੇਲੀਆ ਦੇ ਹੀ ਮਿਸ਼ੇਲ ਸਟਾਰਕ (50 ਟੈਸਟ) ਚੌਥੇ ਤੇ ਭਾਰਤ ਦੇ ਬਿਸ਼ਨ ਸਿੰਘ ਬੇਦੀ (51 ਟੈਸਟ) ਪੰਜਵੇਂ ਨੰਬਰ 'ਤੇ ਹਨ।

ਭਾਰਤੀਆਂ 'ਚ ਦੂਜੇ ਸਥਾਨ 'ਤੇ

ਸਭ ਤੋਂ ਤੇਜ਼ 200 ਟੈਸਟ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ 'ਚ ਰਵੀਚੰਦਰਨ ਅਸ਼ਵਿਨ (37 ਟੈਸਟ) ਪਹਿਲੇ ਸਥਾਨ 'ਤੇ ਹਨ। ਰਵਿੰਦਰ ਜਡੇਜਾ (44 ਟੈਸਟ) ਦੂਜੇ ਸਥਾਨ 'ਤੇ ਹਨ। ਇਸ ਤੋਂ ਇਲਾਵਾ ਹਰਭਜਨ (46 ਟੈਸਟ ) ਤੀਜੇ, ਅਨਿਲ ਕੁੰਬਲੇ (47 ਟੈਸਟ) ਚੌਥੇ, ਬੀਐੱਸ ਚੰਦਰਸ਼ੇਖਰ (48 ਟੈਸਟ) ਪੰਜਵੇਂ ਤੇ ਕਪਿਲ ਦੇਵ (50 ਟੈਸਟ) ਪੰਜਵੇਂ ਸਥਾਨ 'ਤੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।