ਹੁਣ ਗਊ ਮੂਤਰ ਤੇ ਗੋਹੇ ਨਾਲ ਉਡਣਗੇ ਰਾਕਟ

by

ਰਾਂਚੀ (Vikram Sehajpal) : ਝਾਰਖੰਡ ਦੇ ਜਮਸ਼ੇਦਪੁਰ ਨਾਲ ਸਟੇ ਆਦਿਤਿਆਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਅਸਿਸਟੈਂਟ ਪ੍ਰੋਫੈਸਰ ਦੁਲਾਰੀ ਹੈਮਬ੍ਰਮ ਦਾ ਦਾਅਵਾ ਹੈ ਕਿ ਭਵਿੱਖ ਵਿਚ ਰਾਕਟ ਗਊ ਮੂਤਰ ਤੇ ਗੋਹੇ ਦੇ ਈਂਧਨ ਨਾਲ ਉਡਣਗੇ। ਐਨ ਆਈ ਟੀ ਵਿਚ ਇਸ 'ਤੇ ਖੋਜ ਕੀਤੀ ਜਾ ਰਹੀ ਹੈ। ਦੁਲਾਰੀ ਮੁਤਾਬਕ ਗੋਹੇ ਦੇ ਮਿਸ਼ਰਣ ਨਾਲ ਉੱਚ ਕੋਟੀ ਦੀ ਹਾਈਡ੍ਰੋਜਨ ਬਣਦੀ ਹੈ। ਜ਼ਰੂਰੀ ਸੋਧ ਕਰਕੇ ਇਸਦੀ ਵਰਤੋਂ ਰਾਕਟ ਦੇ ਪ੍ਰੋਪੈਲਰ ਵਿਚ ਈਂਧਨ ਦੇ ਰੂਪ ਵਿਚ ਵੀ ਕੀਤੀ ਜਾ ਸਕਦੀ ਹੈ। ਉਸਨੇ ਇਹ ਦਾਅਵਾ ਆਪਣੇ ਰਿਸਰਚ ਪੇਪਰ ਵਿਚ ਕੀਤਾ ਹੈ ਤੇ ਇਸਦਾ ਪ੍ਰਯੋਗ ਸੰਭਵ ਦੱਸਿਆ ਹੈ। ਦੁਲਾਰੀ ਦੇ ਇਸ ਬਿਆਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ।

ਯੂਜ਼ਰ ਉਨ੍ਹਾ ਨੂੰ ਅਗਲਾ ਨੋਬੇਲ ਪੁਰਸਕਾਰ ਦੇਣ ਦੀ ਗੱਲ ਕਹਿ ਰਹੇ ਹਨ। ਦੁਲਾਰੀ ਮੁਤਾਬਕ ਈਂਧਨ ਦੇ ਰੂਪ ਵਿਚ ਇਸਤੇਮਾਲ ਹੋਣ ਵਾਲੀ ਹਾਈਡ੍ਰੋਜਨ ਗੈਸ ਦੇ ਉਤਪਾਦਨ 'ਤੇ ਫਿਲਹਾਲ ਪ੍ਰਤੀ ਯੂਨਿਟ 7 ਰੁਪਏ ਖਰਚ ਆ ਰਿਹਾ ਹੈ। ਜੇ ਸਰਕਾਰ ਇਸ ਪ੍ਰਯੋਗ ਵਿਚ ਮਦਦ ਕਰਦੀ ਹੈ ਤਾਂ ਇਸਦਾ ਉਤਪਾਦਨ ਵੱਡੀ ਪੱਧਰ 'ਤੇ ਕੀਤਾ ਜਾ ਸਕਦਾ ਹੈ। ਇਸ ਨਾਲ ਦੇਸ਼ ਵਿਚ ਬਿਜਲੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਇਸਨੂੰ ਰਾਕਟ ਵਿਚ ਇਸਤੇਮਾਲ ਹੋਣ ਵਾਲੇ ਈਂਧਨ ਦੇ ਸਸਤੇ ਬਦਲ ਵਜੋਂ ਵੀ ਵਰਤਿਆ ਜਾ ਸਕੇਗਾ।

ਦੁਲਾਰੀ ਆਪਣੀ ਖੋਜ ਲਈ ਸਰਕਾਰੀ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਦੁਲਾਰੀ ਨੂੰ ਪਤੰਜਲੀ ਦਾ ਡਾਇਰੈਕਟਰ ਬਣਾਉਣ ਦੀ ਸਲਾਹ ਦਿੱਤੀ ਹੈ। ਇਕ ਹੋਰ ਨੇ ਲਿਖਿਆ ਹੈ ਕਿ ਅਸੀਂ ਮੁਸ਼ਕਲ ਨਾਲ ਲਿੱਟੀ ਚੋਖਾ ਬਣਾ ਪਾ ਰਹੇ ਹਾਂ ਪਾਥੀਆਂ ਦੀ ਮਦਦ ਨਾਲ, ਹੁਣ ਭਾਜਪਾ ਇਸਨੂੰ ਵੀ ਸੀਜ਼ ਕਰ ਦੇਵੇਗੀ, ਰਾਕਟ ਉਡਾਉਣ ਲਈ। ਇਕ ਨੇ ਲਿਖਿਆ ਹੈ, ''ਗਊ ਮੂਤਰ ਤੇ ਗੋਹੇ ਦੀ ਮੰਗ ਦੁਨੀਆ ਵਿਚ ਤੇਜ਼ੀ ਨਾਲ ਵਧੇਗੀ ਅਤੇ ਇਸਦੇ ਭਾਅ ਵਿਚ ਵੀ ਉਤਾਰ-ਚੜ੍ਹਾਅ ਪੈਟਰੋਲ ਦੀ ਤਰ੍ਹਾਂ ਦੇਖਣ ਨੂੰ ਮਿਲੇਗਾ। ਭਾਰਤ ਦੀ ਪੌਂ ਬਾਰਾਂ ਹੋ ਜਾਵੇਗੀ।