ਲਿਬਰਲ ਸਰਕਾਰ ਸੱਤਾ ਵਿਚ ਆਈ ਤਾਂ ਪ੍ਰਵਾਸੀਆਂ ਨੂੰ ਮਿਲੇਗੀ ਫ੍ਰੀ ਸਿਟੀਜ਼ਨਸ਼ਿਪ

by

ਓਂਟਾਰੀਓ ਡੈਸਕ (Vikram Sehajpal) : ਮੁੜ ਲਿਬਰਲ ਸਰਕਾਰ ਸੱਤਾ ਵਿਚ ਆਈ ਤਾਂ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਵਾਸਤੇ ਆਪਣੀ ਜੇਬ ਢਿੱਲੀ ਨਹੀਂ ਕਰਨੀ ਪਵੇਗੀ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਉਨਾਂ ਪ੍ਰਵਾਸੀਆਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ ਜੋ ਆਰਥਿਕ ਤੰਗੀ ਕਾਰਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਖ਼ਲ ਨਹੀਂ ਕਰਦੇ। ਦੱਸ ਦੇਈਏ ਕਿ ਸਟੀਫ਼ਨ ਹਾਰਪਰ ਦੀ ਸਰਕਾਰ ਵੇਲੇ ਸਿਟੀਜ਼ਨਸ਼ਿਪ ਫ਼ੀਸ 100 ਡਾਲਰ ਤੋਂ ਵਧਾ ਕੇ 530 ਡਾਲਰ ਕਰ ਦਿਤੀ ਗਈ ਸੀ ਜਦਕਿ 100 ਡਾਲਰ ਦੀ ਰਾਈਟ ਟੂ ਸਿਟੀਜ਼ਨਸ਼ਿਪ ਫ਼ੀਸ ਵੱਖਰੇ ਤੌਰ 'ਤੇ ਅਦਾ ਕਰਨੀ ਪੈਂਦੀ ਹੈ।

ਕੈਨੇਡੀਅਨ ਕੌਂਸਲ ਫ਼ੌਰ ਰਫ਼ਿਊਜੀਜ਼ ਵੱਲੋਂ ਫ਼ੀਸ ਦੇ ਮੁਕੰਮਲ ਖ਼ਾਤਮੇ ਲਈ ਲਗਾਤਾਰ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਸੀ। ਸੀ.ਸੀ.ਆਰ. ਦੀ ਕਾਰਜਕਾਰੀ ਡਾਇਰੈਕਟਰ ਜੈਨੇਟ ਡੈਂਚ ਨੇ ਕਿਹਾ ਕਿ ਸਿਰਫ਼ ਅਤੇ ਸਿਰਫ਼ ਐਪਲੀਕੇਸ਼ਨ ਫ਼ੀਸ ਦੀ ਵਸੂਲ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਤੋਂ ਇਲਾਵਾ ਭਾਸ਼ਾਈ ਟੈਸਟ ਵਾਸਤੇ ਵੀ ਰਫ਼ਿਊਜੀਆਂ ਨੂੰ ਫ਼ੀਸ ਅਦਾ ਕਰਨੀ ਪੈਂਦੀ ਹੈ।