ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਦੇ ਕਤਲ ਕਰਕੇ ਪਿੰਡ ’ਚ ਸੋਗ ਦੀ ਲਹਿਰ

by

ਕਪੂਰਥਲਾ (Vikram Sehajpal) : ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਬੀਤੇ ਦਿਨੀਂ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਸਿੰਘ ਧਾਲੀਵਾਲ ਪੰਜਾਬ ਦੇ ਕਪੂਰਥਲਾ ਦੇ ਪਿੰਡ ਧਾਲੀਵਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਨਾਲ ਹੋਈ ਇਸ ਮੰਦਭਾਗੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿੰਡ ਅਤੇ ਰਿਸ਼ਤੇਦਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ। ਅਮਰੀਕਾ ਦੇ ਟੈਕਸਾਸ ਰਾਜ 'ਚ ਟ੍ਰੈਫ਼ਿਕ ਸਿਗਨਲ ਵਿੱਚ ਗ਼ੋਲੀ ਮਾਰ ਕੇ ਸੰਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਤਿੰਨ ਬੱਚਿਆਂ ਦਾ ਪਿਤਾ ਸੰਦੀਪ ਤਕਰੀਬਨ ਦਸ ਸਾਲਾਂ ਤੋਂ ਅਮਰੀਕਾ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਨੇ ਸਿੱਖ ਧਰਮ ਅਤੇ ਪਗੜੀ ਦੀ ਪਹਿਚਾਣ ਬਣਾਏ ਰੱਖਣ ਲਈ ਅਮਰੀਕਾ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਇਸ ਦੇ ਚੱਲਦਿਆਂ ਉਹ ਉੱਥੇ ਦੀ ਪੁਲਿਸ ਵਿਭਾਗ ਵਿੱਚ ਪਹਿਲੇ ਸਿੱਖ ਡਿਪਟੀ ਅਫ਼ਸਰ ਬਣੇ ਸੀ ਤੇ ਉਨ੍ਹਾਂ ਨੂੰ ਸਿੱਖ ਵੇਸ ਭੂਸ਼ਾ ਵਿੱਚ ਡਿਊਟੀ ਕਰਨ ਦੀ ਇਜਾਜ਼ਤ ਮਿਲੀ ਸੀ। ਹੈਰਿਸ ਕਾਊਂਟੀ ਦੇ ਸ਼ੈਰਿਫ਼ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੇ ਇੱਕ ਚੁਰਸਤੇ ਉੱਤੇ ਇੱਕ ਕਾਰ ਨੂੰ ਰੋਕਿਆ ਸੀ, ਜਿਸ ਵਿੱਚ ਇੱਕ ਆਦਮੀ ਤੇ ਇੱਕ ਔਰਤ ਸਨ। 

ਰੋਕੇ ਜਾਣ ’ਤੇ ਦੋਵੇਂ ਜਣਿਆਂ ਵਿੱਚੋਂ ਇੱਕ ਹੇਠਾਂ ਉੱਤਰਿਆ ਤੇ ਉਸ ਨੇ ਧਾਲੀਵਾਲ ਦੇ ਗੋਲੀਆਂ ਮਾਰੀਆਂ। ਇੱਕ ਪੁਲਿਸ ਅਧਿਕਾਰੀ ਐੱਡ ਗੌਂਜ਼ਾਲੇਜ਼ ਨੇ ਦੱਸਿਆ ਕਿ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਕਾਤਲ ਇੱਕ ਸ਼ਾਪਿੰਗ ਸੈਂਟਰ ਵਿੱਚ ਵੜ ਗਿਆ। ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।