T20 Cricket: ਮਿਥਾਲੀ ਰਾਜ ਦੀ ਟੀ-20 ਕ੍ਰਿਕਟ ਨੂੰ ਅਲਵਿਦਾ

by mediateam

ਕ੍ਰਿਕਟ — ਟੀ-20 ਕ੍ਰਿਕਟ ਵਿਸ਼ਵ ਕੱਪ ਸਮੇਤ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਜਦੋਂ ਮਹਿਲਾ ਖਿਡਾਰੀਆਂ ਦਾ ਜੰਮਘਟਾ ਲੱਗੇਗਾ ਤਾਂ ਸੱਜੇ ਹੱਥ ਨਾਲ ਖੇਡਣ ਵਾਲੀ ਮਿਥਾਲੀ ਰਾਜ ਟੀ-20 ਦੇ ਮੈਦਾਨ 'ਚ ਆਪਣਾ ਜਲਵਾ ਬਿਖੇਰਦੀ ਨਜ਼ਰ ਨਹੀਂ ਆਏਗੀ। ਹਾਲਾਂਕਿ ਇਕ ਰੋਜ਼ਾ ਕ੍ਰਿਕਟ ਵਿਚ ਉਸ ਦਾ ਸਫ਼ਰ ਜਾਰੀ ਰਹੇਗਾ।


ਟੀ-20 ਕ੍ਰਿਕਟ ਮੁਕਾਬਲਿਆਂ ਵਿਚ ਵੱਡੀਆਂ ਸੁਰਖੀਆਂ ਆਪਣੇ ਨਾਂ ਕਰਨ ਵਾਲੀ ਕ੍ਰਿਕਟਰ ਮਿਥਾਲੀ ਦੁਰਾਈ ਰਾਜ ਵੱਲੋਂ ਕ੍ਰਿਕਟ ਦੀ ਇਸ ਵੰਨਗੀ ਨੂੰ ਅਲਵਿਦਾ ਕਹਿਣ ਨਾਲ ਕ੍ਰਿਕਟ ਇਤਿਹਾਸ ਦੇ ਇਕ ਸ਼ਾਨਦਾਰ ਅਧਿਆਏ ਦਾ ਅੰਤ ਹੋ ਗਿਆ ਹੈ ਪਰ ਉਸ ਨੇ ਆਪਣੇ ਬੱਲੇ ਦੀ ਬਾਜ਼ੀਗਰੀ ਨਾਲ ਟੀ-20 ਦੀ ਜੋ ਖ਼ੂਬਸੂਰਤ ਇਬਾਰਤ ਲਿਖੀ ਹੈ, ਉਹ ਸਦਾ ਯਾਦ ਰਹੇਗੀ। ਖੈਰ, ਖੇਡ ਕਰੀਅਰ ਦੀਆਂ ਸੁਨਹਿਰੀ ਯਾਦਾਂ ਤੋਂ ਬਾਅਦ ਅਜਿਹਾ ਵਕਤ ਹਰ ਖਿਡਾਰੀ 'ਤੇ ਆਉਂਦਾ ਹੈ ਜਦੋਂ ਉਸ ਦੀਆਂ ਪ੍ਰਾਪਤੀਆਂ ਨੇ ਅਲਵਿਦਾ ਦੀ ਦਹਿਲੀਜ਼ ਪਾਰ ਕਰ ਕੇ ਇਤਿਹਾਸ ਬਣ ਜਾਣਾ ਹੁੰਦਾ ਹੈ, ਚਾਹੇ ਉਹ ਸਚਿਨ ਤੇਂਦੁਲਕਰ, ਡਾਨ ਬਰਾਡਮੈਨ, ਪੇਲੇ ਜਾਂ ਮੇਜਰ ਧਿਆਨ ਚੰਦ ਵੀ ਕਿਉਂ ਨਾ ਹੋਣ।

ਭਾਰਤ ਨਾਟਿਅਮ ਦੀ ਥਾਂ ਚੁਣੀ ਕ੍ਰਿਕਟ

ਕ੍ਰਿਕਟ ਦੇ ਖੇਤਰ ਵਿਚ 'ਲੇਡੀ ਸਚਿਨ' ਦੇ ਨਾਂ ਨਾਲ ਮਸ਼ਹੂਰ 3 ਦਸੰਬਰ 1982 ਨੂੰ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ 'ਚ ਸਰਕਾਰੀ ਅਧਿਕਾਰੀ ਮਾਂ ਲੀਲਾ ਰਾਜ ਤੇ ਏਅਰ ਫੋਰਸ (ਬਾਅਦ ਵਿਚ ਬੈਂਕ 'ਚ) ਨੌਕਰੀ ਕਰਦੇ ਪਿਤਾ ਧੀਰਜ ਰਾਜ ਦੁਰਾਈ ਦੇ ਘਰ ਜਨਮੀ ਮਿਥਾਲੀ ਰਾਜ ਦੇ ਕ੍ਰਿਕਟਰ ਬਣਨ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਉਸ ਦਾ ਭਰਾ ਕ੍ਰਿਕਟ ਦਾ ਸ਼ੌਕੀਨ ਸੀ ਤੇ ਵਧੀਆ ਖੇਡਦਾ ਸੀ। ਉਸ ਸਮੇਂ ਜਦੋਂ ਕਦੇ ਮਿਥਾਲੀ ਦੇ ਹੱਥ ਗੇਂਦ ਆਉਂਦੀ ਤਾਂ ਉਹ ਵੀ ਆਪਣਾ ਹੱਥ ਅਜਮਾਉਂਦੀ ਸੀ।

ਇਸੇ ਦੌਰਾਨ ਕ੍ਰਿਕਟਰ ਜੋਤੀ ਪ੍ਰਸਾਦ ਨੇ ਉਸ ਨੂੰ ਵੇਖਿਆ ਤੇ ਉਸ ਦੀ ਖੇਡ ਪ੍ਰਤਿਭਾ ਨੂੰ ਪਛਾਣਦੇ ਹੋਏ ਉਸ ਨੂੰ ਕ੍ਰਿਕਟ ਖੇਡਣ ਦੀ ਸਲਾਹ ਦਿੱਤੀ ਪਰ ਮਿਥਾਲੀ ਦੀ ਸ਼ਖ਼ਸੀਅਤ ਦਾ ਇਕ ਪਹਿਲੂ ਇਹ ਹੈ ਕਿ ਉਹ ਸਿੱਖਿਅਤ ਭਾਰਤ ਨਾਟਿਅਮ ਕਲਾਕਾਰ ਵੀ ਹੈ। ਉਹ ਖ਼ੁਦ ਮੰਨਦੀ ਹੈ ਕਿ ''ਕ੍ਰਿਕਟ ਅਤੇ ਕਲਾਸੀਕਲ ਨ੍ਰਿਤ ਵਿਚੋਂ ਕਿਸੇ ਇਕ ਦੀ ਚੋਣ ਕਰਨਾ ਮੇਰੇ ਲਈ ਬੜਾ ਮੁਸ਼ਕਲ ਸੀ ਪਰ ਮੈਂ ਕ੍ਰਿਕਟ ਨੂੰ ਪਹਿਲ ਦਿੱਤੀ, ਜਿਸ ਦਾ ਮੈਨੂੰ ਹੁਣ ਕੋਈ ਦੁੱਖ ਨਹੀਂ।''


89 ਮੁਕਾਬਲਿਆਂ 'ਚ 2364 ਦੌੜਾਂ

36 ਸਾਲਾਂ ਦੀ ਮਿਥਾਲੀ ਨੇ 89 ਟੀ-20 ਕੌਮਾਂਤਰੀ ਮੈਚਾਂ 'ਚ 17 ਅਰਧ ਸੈਂਕੜਿਆਂ ਨਾਲ ਕੁੱਲ 2,364 ਦੌੜਾਂ ਬਣਾਈਆਂ, ਜੋ ਇਸ ਸ਼੍ਰੇਣੀ ਵਿਚ ਕਿਸੇ ਵੀ ਭਾਰਤੀ ਵੱਲੋਂ ਬਣਾਈਆਂ ਸਭ ਤੋਂ ਵੱਧ ਦੌੜਾਂ ਹਨ। ਕ੍ਰਿਕਟ ਸਨਸਨੀ ਮਿਥਾਲੀ ਨੇ 32 ਟੀ-20 ਮੈਚਾਂ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ। ਇਨ੍ਹਾਂ ਵਿਚ ਤਿੰਨ ਮਹਿਲਾ ਟੀ-20 ਵਿਸ਼ਵ ਕੱਪ ਵੀ ਸ਼ਾਮਲ ਹਨ। ਸੱਜੇ ਹੱਥ ਦੀ ਬੱਲੇਬਾਜ਼ ਮਿਥਾਲੀ ਰਾਜ ਨੇ ਭਾਰਤੀ ਟੀਮ ਦੀ ਕਪਤਾਨੀ ਸਾਲ 2012 ਵਿਚ ਸ਼੍ਰੀਲੰਕਾ, 2014 ਵਿਚ ਬੰਗਲਾਦੇਸ਼ ਅਤੇ 2016 ਵਿਚ ਭਾਰਤ ਵਿਚ ਹੋਏ ਵਿਸ਼ਵ ਕੱਪ 'ਚ ਕੀਤੀ ਪਰ ਉਸ ਦੀ ਕਪਤਾਨੀ 'ਚ ਭਾਰਤੀ ਟੀਮ ਵਿਸ਼ਵ ਜੇਤੂ ਨਾ ਬਣ ਸਕੀ। ਪੁਰਸ਼ ਅਤੇ ਮਹਿਲਾ, ਦੋਵਾਂ ਵਰਗਾਂ 'ਚ ਉਹ ਇਕੋ-ਇਕ ਅਜਿਹੀ ਖਿਡਾਰੀ ਹੈ, ਜਿਸ ਨੇ ਇਕ ਤੋਂ ਜ਼ਿਆਦਾ ਆਈਸੀਸੀ ਇਕ ਰੋਜ਼ਾ ਵਿਸ਼ਵ ਕੱਪ ਫਾਈਨਲ 'ਚ 2005 ਅਤੇ 2017 ਵਿਚ ਅਗਵਾਈ ਕੀਤੀ।

ਮਾਣ-ਸਨਮਾਨ

ਸੰਨ 2006 ਵਿਚ ਮਿਥਾਲੀ ਰਾਜ ਪਹਿਲੀ ਵਾਰ ਟੀ-20 ਕਪਤਾਨ ਬਣੀ ਅਤੇ 13 ਸਾਲ ਦੇ ਸ਼ਾਨਦਾਰ ਟੀ-20 ਕ੍ਰਿਕਟ ਕਰੀਅਰ ਤੋਂ ਬਾਅਦ ਆਖ਼ਰ ਉਸ ਨੇ ਕ੍ਰਿਕਟ ਦੀ ਇਸ ਵੰਨਗੀ ਨੂੰ ਅਲਵਿਦਾ ਕਹਿ ਦਿੱਤਾ। ਟੀ-20 ਕ੍ਰਿਕਟ ਦੀ ਖ਼ੂਬਸੂਰਤ ਪਟਕਥਾ ਲਿਖਣ ਵਾਲੀ ਮਿਤਾਲੀ ਨੂੰ ਸਨਮਾਨਾਂ ਦੀ ਲੜੀ ਵਿਚ ਸੰਨ 2004 'ਚ 'ਅਰਜਨ ਐਵਾਰਡ', 2015 'ਚ 'ਪਦਮਸ਼੍ਰੀ' ਪੁਰਸਕਾਰ ਪ੍ਰਾਪਤ ਹੋਇਆ। ਉਹ ਵਿਜ਼ਡਨ ਇੰਡੀਅਨ ਕ੍ਰਿਕਟ ਦਾ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਹੈ। ਖੈਰ, ਟੀ-20 ਕ੍ਰਿਕਟ ਦੀ ਦੁਨੀਆ ਵਿਚ ਜਾਨਦਾਰ, ਸ਼ਾਨਦਾਰ ਤੇ ਯਾਦਗਾਰੀ ਪਾਰੀਆਂ ਦੀ ਲੰਬੀ ਇਬਾਰਤ ਲਿਖਣ ਵਾਲੀ ਮਿਥਾਲੀ ਰਾਜ ਦਾ ਅਗਲਾ ਸੁਪਨਾ ਭਾਰਤ ਲਈ ਇਕ ਦਿਨਾਂ ਕ੍ਰਿਕਟ ਵਿਸ਼ਵ ਕੱਪ ਜਿੱਤਣਾ ਹੈ।


ਖੇਡ ਕਰੀਅਰ

ਮਿਥਾਲੀ ਰਾਜ ਨੇ ਆਪਣੇ ਅੰਤਰਰਾਸ਼ਟਰੀ ਖੇਡ ਕਰੀਅਰ ਦੀ ਸ਼ੁਰੂਆਤ 1999 ਵਿਚ ਆਇਰਲੈਂਡ ਖ਼ਿਲਾਫ਼ ਮੈਚ ਨਾਲ ਕੀਤੀ ਤੇ ਆਪਣੇ ਪਹਿਲੇ ਹੀ ਮੈਚ ਵਿਚ ਉਸ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਸੈਂਕੜਾ ਲਗਾਇਆ। ਉਸ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 2001-02 ਵਿਚ ਲਖਨਊ ਵਿਖੇ ਇੰਗਲੈਂਡ ਖ਼ਿਲਾਫ਼ ਮੈਚ ਖੇਡ ਕੇ ਕੀਤੀ। ਅੰਤਰਰਾਸ਼ਟਰੀ ਮਹਿਲਾ ਕ੍ਰਿਕਟ 'ਚ 2002 ਵਿਚ ਇੰਗਲੈਂਡ ਖ਼ਿਲਾਫ਼ ਸਭ ਤੋਂ ਜ਼ਿਆਦਾ 214 ਦੌੜਾਂ ਬਣਾਉਣ ਦਾ ਰਿਕਾਰਡ ਵੀ ਮਿਥਾਲੀ ਦੇ ਨਾਂ ਦਰਜ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।