ਬਰੈਂਪਟਨ ਡੈਸਕ (ਵਿਕਰਮ ਸਹਿਜਪਾਲ) : ਓਂਟਾਰੀਓ ਸਰਕਾਰ ਵੱਲੋਂ ਕਿਚਨਰ ਗੋਅ ਲਾਈਨ ਦੀਆਂ ਸੇਵਾਵਾਂ ਦਾ ਵਿਸਤਾਰ ਕਰਨ ਦੇ ਮਕਸਦ ਨਾਲ ਹਾਈਵੇਅ 409 ਅਤੇ 401 ਦੇ ਹੇਠਾਂ ਰੇਲ ਸੁਰੰਗਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਜਿਸ ਦਾ ਸਿੱਧਾ ਫ਼ਾਇਦਾ ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਹੋਵੇਗਾ।
ਓਂਟਾਰੀਓ ਦੇ ਐਸੋਸੀਏਟ ਟ੍ਰਾਂਸਪੋਰਟੇਸ਼ਨ ਮੰਤਰੀ ਕਿੰਗਾ ਸੂਰਮਾ ਨੇ ਦੱਸਿਆ ਕਿ ਸੁਰੰਗਾਂ ਦੀ ਉਸਾਰੀ ਦਾ ਕੰਮ 26 ਜੁਲਾਈ ਨੂੰ ਸ਼ੁਰੂ ਹੋ ਗਿਆ ਜੋ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ। ਸੁਰੰਗਾਂ ਦੀ ਉਸਾਰੀ ਮਗਰੋਂ ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਕਿਚਨਰ ਗੋਅ ਲਾਈਨ 'ਤੇ ਪੂਰਾ ਦਿਨ ਰੇਲ ਸੇਵਾ ਦੀ ਸਹੂਲਤ ਮਿਲੇਗੀ।
ਉਸਾਰੀ ਕਾਰਜਾਂ ਵਿਚ ਦੋ ਵਾਧੂ ਟਰੈਕ ਅਤੇ ਕਮਿਊਨੀਕੇਸ਼ਨ ਇਨਫ਼ਰਾਸਟ੍ਰਕਚਰ ਵੀ ਸ਼ਾਮਲ ਹੋਣਗੇ। ਕਿੰਗ ਸੂਰਮਾ ਨੇ ਦੱਸਿਆ ਕਿ ਹਾਈਵੇਅ 401 ਅਤੇ 409 ਹੇਠਾਂ ਬਣਨ ਵਾਲੀਆਂ ਸੁਰੰਗਾਂ ਰਾਹੀਂ ਵਧੇਰੇ ਰੇਲਗੱਡੀਆਂ ਚਲਾਉਣ ਵਿਚ ਮਦਦ ਮਿਲੇਗੀ ਅਤੇ ਕਿਚਨਰ ਲਾਈਨ 'ਤੇ ਰੇਲ ਸੇਵਾ ਵਿਚ ਵਾਧਾ ਕੀਤਾ ਜਾ ਸਕੇਗਾ। ਇਸ ਪ੍ਰਾਜੈਕਟ 'ਤੇ ਤਕਰੀਬਨ 117 ਮਿਲੀਅਨ ਡਾਲਰ ਖ਼ਰਚ ਹੋਣਗੇ।