ਪਾਕਿਸਤਾਨ ਸਰਕਾਰ ਦਾ ਇਹ ਫ਼ੈਸਲਾ, ਸਿੱਖ ਸ਼ਰਧਾਲੂਆਂ ਲਈ ਲੈ ਕੇ ਆਇਆ ਹੈ ਤੋਹਫ਼ਾ

by

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਚੋਆ ਸਾਹਿਬ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਹ ਗੁਰਦੁਆਰਾ 1947 ਤੋਂ ਬਾਅਦ ਬੰਦ ਹੈ। ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਆਗਤ ਕੀਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੇਖਦੇ ਹੋਏ ਇਹ ਫ਼ੈਸਲਾ ਲਿਆ ਹੈ, ਜਿਸ ਨਾਲ ਦੋਹਾਂ ਮੁਲਕਾਂ ਦੇ ਲੋਕਾਂ 'ਚ ਭਾਈਚਾਰਕ ਸਾਂਝ ਵਧੇਗੀ। 

ਜਥੇਦਾਰ ਨੇ ਪਾਕਿਸਤਾਨ ਸਰਕਾਰ ਤੋਂ ਅਜਿਹੇ ਗੁਰਦੁਆਰੇ ਖੋਲਣ ਦੀ ਵੀ ਮੰਗ ਕੀਤੀ ਹੈ, ਜਿਹੜੇ ਕਿ ਕਈ ਸਾਲਾਂ ਤੋਂ ਬੰਦ ਪਏ ਹਨ। ਇਸ ਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਅੰਤਰ-ਰਾਸ਼ਟਰੀ ਨਗਰ ਕੀਰਤਨ ਵਿੱਚ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਫ਼ਿਰ ਭਾਰਤ ਦੇ ਪ੍ਰਧਾਨ ਮੰਤਰੀ ਹਿੱਸਾ ਲੈਂਦੇ ਹਨ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੋਵੇਗੀ।