ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਚ ਵਿਵਾਦ ਦਾ ਸਭ ਤੋਂ ਜ਼ਿਆਦਾ ਫਾਇਦਾ ਡਾ. ਰਾਜਕੁਮਾਰ ਵੇਰਕਾ ਨੂੰ ਮਿਲਿਆ ਹੈ। ਕੈਪਟਨ ਨੇ ਸਿੱਧੂ ਪਰਿਵਾਰ ਦੀ ਤਾਕਤ ਵੇਰਕਾ ਨੂੰ ਦੇ ਦਿੱਤੀ ਹੈ। ਪਹਿਲਾਂ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵਲੋਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੈਪਟਨ ਨੇ ਵੇਰਕਾ ਨੂੰ ਇਹ ਅਹੁਦਾ ਦੇ ਦਿੱਤਾ ਸੀ। ਹੁਣ ਸਿੱਧੂ ਵਲੋਂ ਕੈਬਨਿਟ ਤੋਂ ਅਸਤੀਫ਼ਾ ਦੇਣ ਮਗਰੋਂ ਕੈਬਨਿਟ ਰੈਂਕ ਵੀ ਵੇਰਕਾ ਨੂੰ ਦਿੰਦੇ ਹੋਏ ਸ਼ਹਿਰ 'ਚ ਉਨ੍ਹਾਂ ਦੀ ਤਾਕਤ ਵਧਾ ਦਿੱਤੀ ਹੈ।
ਕੈਬਨਿਟ ਰੈਂਕ ਮਿਲਣ 'ਤੇ ਅੱਜ ਪੂਰਾ ਦਿਨ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ।ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਆਉਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਸੀ। ਪੰਜਾਬ ਦੀ ਕਾਂਗਰਸ ਸਰਕਾਰ ਨੇ 16 ਮਾਰਚ 2017 ਨੂੰ ਗਠਿਤ ਹੋਈ ਕੈਬਨਿਟ 'ਚ ਹੋਰ ਦਿੱਗਜਾਂ ਨੂੰ ਦਰਕਿਨਾਰ ਕਰਦੇ ਹੋਏ ਸਿੱਧੂ ਨੂੰ ਮੰਤਰੀ ਦੱਸਿਆ।
ਉਦੋਂ ਤੋਂ ਹੀ ਦਿੱਗਜ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਸਰਕਾਰ ਬਣਨ ਦੇ ਇਕ ਸਾਲ 35 ਦਿਨਾਂ ਬਾਅਦ ਯਾਨੀ 20 ਅਪ੍ਰੈਲ 2018 ਨੂੰ ਵਿਸਤਾਰ 'ਚ ਸ਼ਹਿਰੀ ਤੇ ਦੇਹਾਤੀ ਨੁਮਾਇੰਦਗੀ ਦਾ ਖ਼ਾਸ ਧਿਆਨ ਰੱਖਦੇ ਹੋਏ ਸ਼ਹਿਰ ਤੋਂ ਸੀਨੀਅਰ ਵਿਧਾਇਕ ਓਪੀ ਸੋਨੀ ਤੇ ਦੇਹਾਤ ਤੋਂ ਸੁਖਬਿੰਦਰ ਸਿੰਘ ਸੁੱਖਸਰਕਾਰੀਆ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।