ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਦਰਪੇਸ਼ ਪੜ੍ਹਾਈ, ਨੌਕਰੀ ਤੇ ਮਾਇਕ ਤੰਗੀਆਂ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪੜ੍ਹਾਈ ਕਰਨ ਆਏ 15 ਕੌਮਾਂਤਰੀ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕੀਤੀ ਗਈ। ਇਨ੍ਹਾਂ ਵਿਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਇਹ ਅੰਕੜੇ ਸੂਬੇ ਦੀ ਕੋਰੋਨਰ ਸਰਵਿਸਿਜ਼ ਨੇ ਜਾਰੀ ਕੀਤੇ। ਇੱਥੋਂ ਦੇ ਅਖ਼ਬਾਰ ਵਿਚ ਛਪੀ ਰਿਪੋਰਟ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਕਈਆਂ ਨੂੰ ਕਈ ਤਰ੍ਹਾਂ ਦੇ ਦਬਾਅ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਕੁਝ ਮਾਹਰਾਂ ਨੇ ਇਸ ਰੁਝਾਨ ਵਿਚ ਵਾਧੇ ਦਾ ਖਦਸ਼ਾ ਪ੍ਰਗਟ ਕਰਦਿਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਇਸ ਬਾਰੇ ਕੰਮ ਕਰਨ। ਓਥੇ ਹੀ ਕੁਝ ਮਾਹਰਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਹਰ ਸਾਲ ਹਰੇਕ ਵਿਦਿਅਕ ਅਦਾਰੇ ਦੇ ਵਿਦਿਆਰਥੀਆਂ ਦੀ ਮਾਨਸਿਕ ਜਾਂਚ ਕਰਾਉਣਾ ਯਕੀਨੀ ਬਣਾਏ ਤਾਂ ਜੋ ਇਸ ਰੁਝਾਨ ਨੂੰ ਠੱਲ ਪਾਈ ਜਾ ਸਕੇ। ਕੁਝ ਮਾਹਰਾਂ ਨੇ ਆਖਿਆ ਕਿ ਰਿਪੋਰਟ ਤੋਂ ਬਾਅਦ ਇਸ ਰੁਝਾਨ ਦੇ ਸਥਾਨਕ ਵਿਦਿਆਰਥੀਆਂ ਨੂੰ ਅਪਣੀ ਲਪੇਟ ਵਿਚ ਲੈਣ ਤੋਂ ਪਹਿਲਾਂ ਸਾਰਥਕ ਕਦਮ ਚੁੱਕੇ ਜਾਣੇ ਜ਼ਰੂਰੀ ਹਨ।
ਇਸ ਤਰ੍ਹਾਂ ਹੈ ਰਿਪੋਰਟ..!
ਰਿਪੋਰਟ ਵਿਚ ਦੱਸਿਆ ਗਿਆ ਕਿ ਵਿਦੇਸ਼ਾਂ ਵਿਚੋਂ ਆਏ ਤੇ ਖੁਦਕੁਸ਼ੀਆਂ ਕਰਨ ਵਾਲਿਆਂ ਵਿਚੋਂ ਦੋ ਨਾਬਾਲਗ ਅਤੇ ਬਾਕੀ ਸਾਰੇ 20 ਸਾਲ ਤੋਂ ਘੱਟ ਉਮਰ ਦੇ ਸਨ। ਇਸ ਦਾ ਕਾਰਨ ਇਨ੍ਹਾਂ 'ਤੇ ਅਪਣੀਆਂ ਫੀਸਾਂ ਤਾਰਨ, ਰਿਹਾਇਸ਼ ਖ਼ਰਚਿਆਂ ਦੇ ਨਾਲ ਨਾਲ ਪਿੱਛੇ ਮਾਪਿਆਂ ਨੂੰ ਕੁਝ ਭੇਜਣ ਦਾ ਦਬਾਅ ਹੋਣਾ ਹੈ। ਪੜ੍ਹਾਈ ਦੌਰਾਨ ਥੋੜ੍ਹੇ ਘੰਟੇ ਕੰਮ ਕਰਨ ਦੀ ਪਾਬੰਦੀ ਅਤੇ ਕੁਝ ਮਾਲਕਾਂ ਵਲੋਂ ਘੱਟ ਉਜਰਤ ਦੇ ਕੇ ਸਖ਼ਤ ਕੰਮ ਕਰਾਉਣ ਅਤੇ ਸ਼ੋਸ਼ਣ ਤੋਂ ਮਜਬੂਰ ਹੋ ਕੇ ਨੌਜਵਾਨ ਖੁਦਕੁਸ਼ੀ ਦੇ ਰਾਹੇ ਪੈਂਦੇ ਹਨ।