ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਦਿੱਲੀ ਕੈਪੀਟਲਸ ਨੂੰ ਉਸ ਦੇ ਘਰ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਵੀਰਵਾਰ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਹੈਦਰਾਬਾਦ ਨੇ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ। ਅੱਜ ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਓਪਨਰ ਜਾਨੀ ਬੇਅਰਸਟ੍ਰਾ (48) ਦੀ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਕੁਝ ਰੋਮਾਂਚਕ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ ਦਿੱਲੀ ਕੈਪੀਟਲਸ ਨੂੰ 8 ਵਿਕਟਾਂ 'ਤੇ 129 ਦੌੜਾਂ 'ਤੇ ਰੋਕਣ ਤੋਂ ਬਾਅਦ 18.3 ਓਵਰਾਂ ਵਿਚ 5 ਵਿਕਟਾਂ 'ਤੇ 131 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਹੈਦਰਾਬਾਦ ਦੀ ਚਾਰ ਮੈਚਾਂ ਵਿਚ ਇਹ ਤੀਜੀ ਜਿੱਤ ਹੈ, ਜਦਕਿ ਦਿੱਲੀ ਦੀ ਪੰਜ ਮੈਚਾਂ ਵਿਚੋਂ ਇਹ ਤੀਜੀ ਹਾਰ ਹੈ। ਦਿੱਲੀ ਨੇ ਹਾਲਾਂਕਿ ਛੋਟਾ ਸਕੋਰ ਬਣਾਇਆ ਪਰ ਹੈਦਰਾਬਾਦ ਨੂੰ ਜਿੱਤ ਤਕ ਪਹੁੰਚਣ ਲਈ ਸੰਘਰਸ਼ ਕਰਵਾ ਦਿੱਤਾ।
ਬੇਅਰਸਟ੍ਰਾ ਨੇ ਸਿਰਫ 28 ਗੇਂਦਾਂ 'ਤੇ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਬੇਅਰਸਟ੍ਰਾ ਤੇ ਡੇਵਿਡ ਵਾਰਨਰ ਨੇ ਪਹਿਲੀ ਵਿਕਟ ਲਈ 64 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਵਾਰਨਰ ਇਸ ਵਾਰ 18 ਗੇਂਦਾਂ 'ਤੇ 10 ਦੌੜਾਂ ਹੀ ਬਣਾ ਸਕਿਆ। ਕੈਗਿਸੋ ਰਬਾਡਾ ਨੇ ਵਾਰਨਰ ਨੂੰ ਕ੍ਰਿਸ ਮੌਰਿਸ ਹੱਥੋਂ ਕੈਚ ਕਰਵਾਇਆ। ਹੈਦਰਾਬਾਦ ਦੀ ਦੂਜੀ ਵਿਕਟ 68 ਦੇ ਸਕੋਰ 'ਤੇ ਡਿੱਗੀ। ਹੈਦਰਾਬਾਦ ਨੇ ਛੇ ਓਵਰਾਂ ਦੇ ਪਾਵਰ ਪਲੇਅ ਵਿਚ 62 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਦਿੱਲੀ ਨੇ ਵਾਪਸੀ ਦੀ ਕੋਸ਼ਿਸ਼ ਕਰਦੇ ਹੋਏ ਅਗਲੇ 4 ਓਵਰਾਂ ਵਿਚ ਸਿਰਫ 11 ਦੌੜਾਂ ਦਿੱਤੀਆਂ।
ਹੈਦਰਾਬਾਦ ਦੀ ਪੰਜਵੀਂ ਵਿਕਟ 111 ਦੌੜਾਂ ਦੇ ਸਕੋਰ 'ਤੇ ਡਿੱਗ ਚੁੱਕੀ ਸੀ ਤੇ ਮੈਚ ਹੁਣ ਹੈਦਰਾਬਾਦ ਲਈ ਫਸਦਾ ਨਜ਼ਰ ਆਉਣ ਲੱਗਾ ਸੀ ਪਰ ਮੁਹੰਮਦ ਨਬੀ ਨੇ 9 ਗੇਂਦਾਂ 'ਤੇ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 17 ਦੌੜਾਂ ਤੇ ਯੂਸਫ ਪਠਾਨ ਨੇ ਅਜੇਤੂ 9 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਵਿਕਟ 'ਤੇ ਟਿਕਣ ਦਾ ਜਜ਼ਬਾ ਦਿਖਾਇਆ ਤੇ 41 ਗੇਂਦਾਂ 'ਤੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਕ੍ਰਿਸ ਮੌਰਿਸ ਨੇ 17 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਦਿੱਲੀ ਦੇ ਤਿੰਨ ਬੱਲੇਬਾਜ਼ ਰਿਸ਼ਭ ਪੰਤ, ਰਾਹੁਲ ਤਵੇਤੀਆ ਤੇ ਕੌਲਿਨ ਇਨਗ੍ਰਾਮ 5-5 ਦੌੜਾਂ ਬਣਾ ਕੇ ਆਊਟ ਹੋਏ। ਹੈਦਰਾਬਾਦ ਵਲੋਂ ਭੁਵਨੇਸ਼ਵਰ ਕੁਮਾਰ, ਮੁਹੰਮਦ ਨਬੀ ਤੇ ਸਿਧਾਰਥ ਕੌਲ ਨੇ 2-2 ਵਿਕਟਾਂ ਹਾਸਲ ਕੀਤੀਆਂ।