ਟੋਰਾਂਟੋ (ਵਿਕਰਮ ਸਹਿਜਪਾਲ) : ਇੰਮੀਗ੍ਰੇਸ਼ਨ ਅਫਸਰਾਂ ਵਲੋਂ ਟੋਰਾਂਟੋ 'ਚ ਅਚਾਨਕ ਪ੍ਰਵਾਸੀਆਂ ਨੂੰ ਘੇਰ-ਘੇਰ ਕੇ ਸ਼ਨਾਖਤੀ ਕਾਰਡ ਚੈੱਕ ਕਰਨ ਦੀ ਮੁਹਿੰਮ ਕਾਰਨ ਹੈਰਾਨੀ ਵਾਲਾ ਮਾਹੌਲ ਬਣ ਗਿਆ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੇ ਤਾਜ਼ਾ ਘਟਨਾਕ੍ਰਮ 'ਤੇ ਚਿੰਤਾ ਪ੍ਰਗਟਾਈ ਹੈ। ਸਿਟੀ ਨਿਊਜ਼ ਨੇ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਦੇ ਹਵਾਲੇ ਤੋਂ ਪੁਸ਼ਟੀ ਕੀਤੀ ਕਿ ਪਿਛਲੇ ਦਿਨੀਂ ਵੈਸਟ ਰੋਡ ਅਤੇ ਲਾਰੈਂਸ ਐਵੇਨਿਊ ਇਲਾਕੇ ਵਿਚ ਇੰਮੀਗ੍ਰੇਸ਼ਨ ਅਫਸਰ ਮੌਜੂਦ ਸਨ।
ਫਿਰ ਵੀ ਕੈਨੇਡਾ ਬਾਰਡਰ ਸਰਵੀਸਿਜ਼ ਨੇ ਇਹ ਨਹੀਂ ਦੱਸਿਆ ਕਿ ਇੰਮੀਗ੍ਰੇਸ਼ਨ ਅਫਸਰ ਇਲਾਕੇ ਵਿਚ ਕੀ ਕਰ ਰਹੇ ਸਨ ਜਾਂ ਕੀ ਉਨ੍ਹਾਂ ਨੇ ਆਮ ਲੋਕਾਂ ਦੀ ਚੈਕਿੰਗ ਕੀਤੀ। ਸੀ.ਬੀ.ਐਸ.ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਕਿਸੇ ਮਾਮਲੇ ਬਾਰੇ ਚੱਲ ਰਹੀ ਜਾਂਚ ਦਾ ਵੱਖ-ਵੱਖ ਮਾਮਲਿਆਂ ਦੀ ਪੜਤਾਲ ਦੇ ਤੌਰ-ਤਰੀਕਿਆਂ ਬਾਰੇ ਜਨਤਕ ਤੌਰ 'ਤੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾ ਸਕਦਾ। ਪਹਿਲੇ ਬਿਆਨ ਤੋਂ ਕੁਝ ਘੰਟੇ ਬਾਅਦ ਸੀ.ਬੀ.ਐਸ.ਏ. ਨੇ ਦੂਜਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਹਿਕਮੇ ਵਲੋਂ ਗਲੀਆਂ ਵਿਚ ਪ੍ਰਵਾਸੀਆਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ।