ਵੈੱਬ ਡੈਸਕ (ਵਿਕਰਮ ਸਹਿਜਪਾਲ) : ਚੀਨ ਦੇ ਪ੍ਰਾਚੀਨ ਸਿਲਕ ਮਾਰਗ ਨਾਲ ਜੁੜੇ ਦੂਜੇ ਬੈਲਟ ਐਂਡ ਰੋਡ ਫੋਰਮ ਦਾ ਅਮਰੀਕਾ ਨੇ ਬਾਈਕਾਟ ਕੀਤਾ ਹੈ। ਅਮਰੀਕੀ ਵਿਦੇਸ਼ੀ ਮੰਤਰਾਲਾ ਦੇ ਬੁਲਾਰੇ ਰਾਬਰਡ ਪਲਾਡਿਨੋ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਹੀਨੇ ਬੀਜਿੰਗ 'ਚ ਹੋਣ ਵਾਲੇ ਸੰਮੇਲਨ 'ਚ ਕੋਈ ਉੱਚ ਪੱਧਰੀ ਅਧਿਕਾਰੀ ਨਹੀਂ ਭੇਜਿਆ ਜਾਵੇਗਾ। ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀਆਰਆਈ) ਨਾਲ ਜੁੜੀ ਚੀਨ ਦੀ ਵਿੱਤੀ ਨੀਤੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਅਮਰੀਕਾ ਨੇ ਇਹ ਫ਼ੈਸਲਾ ਕੀਤਾ ਹੈ। ਅਮਰੀਕਾ ਪਹਿਲਾਂ ਵੀ ਚੀਨ ਦੇ ਇਸ ਪ੍ਰਾਜੈਕਟ ਨੂੰ ਕਈ ਦੇਸ਼ਾਂ ਦੀ ਸੁਰੱਖਿਆ ਲਈ ਖ਼ਤਰਾ ਦੱਸ ਚੁਕਿਆ ਹੈ। ਉਸ ਅਨੁਸਾਰ ਚੀਨ ਆਪਣੀ ਇਸ ਯੋਜਨਾ ਨਾਲ ਛੋਟੇ ਦੇਸ਼ਾਂ 'ਤੇ ਕਰਜ਼ ਦਾ ਬੋਝ ਲੱਦਣਾ ਚਾਹੁੰਦਾ ਹੈ।
ਪਲਾਡਿਨੋ ਨੇ ਕਿਹਾ, 'ਅਸੀਂ ਇਸ ਪ੍ਰਾਜੈਕਟ ਨਾਲ ਜੁੜੀ ਵਿੱਤੀ ਨੀਤੀ ਤੇ ਖ਼ਰਾਬ ਪ੍ਰਸ਼ਾਸਨ 'ਤੇ ਸਵਾਲ ਚੁੱਕਣਾ ਜਾਰੀ ਰੱਖਣਗੇ। ਇਹ ਪ੍ਰਾਜੈਕਟ ਸਮੁੱਚੇ ਵਿਕਾਸ ਨਾਲ ਜੁੜੇ ਕੌਮਾਂਤਰੀ ਮਾਪਦੰਡਾਂ ਦਾ ਵੀ ਉਲੰਘਣ ਕਰ ਰਿਹਾ ਹੈ।' ਚੀਨ ਨੇ ਹਾਲਾਂਕਿ ਇਕ ਪ੍ਰਾਜੈਕਟ ਦੇ ਪੱਖਪਾਤ ਪੂਰਨ ਹੋਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਸ ਨੇ ਕਿਹਾ ਕਿ 40 ਦੇਸ਼ਾਂ ਦੇ ਪ੍ਰਤੀਨਿਧੀ ਇਸ ਮਹੀਨੇ ਦੇ ਆਖ਼ਰ 'ਚ ਹੋਣ ਵਾਲੇ ਸੰਮੇਲਨ 'ਚ ਸ਼ਾਮਲ ਹੋਣਗੇ।
ਚੀਨ ਦਾ ਕਹਿਣਾ ਹੈ ਕਿ ਉਸ ਦਾ ਇਹ ਪ੍ਰਾਜੈਕਟ ਏਸ਼ੀਆਈ, ਅਫ਼ਰੀਕੀ ਤੇ ਯੂਰਪੀ ਦੇਸ਼ਾਂ ਵਿਚਾਲੇ ਸੰਪਰਕ ਤੇ ਸਹਿਯੋਗ ਬਿਹਤਰ ਕਰਨ 'ਤੇ ਕੇਂਦਰਿਤ ਹੈ। ਇਸੇ ਪ੍ਰਾਜੈਕਟ ਤਹਿਤ ਬਣ ਰਹੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) 'ਤੇ ਭਾਰਤ ਵੀ ਇਤਰਾਜ ਪ੍ਰਗਟਾ ਚੁੱਕਾ ਹੈ, ਕਿਉਂਕਿ ਇਹ ਗਲਿਆਰਾ ਗੁਲਾਮ ਕਸ਼ਮੀਰ ਤੋਂ ਹੋ ਕੇ ਲੰਘਦਾ ਹੈ। ਸਾਲ 2017 'ਚ ਹੋਏ ਪਹਿਲੇ ਬੈਲਟ ਐਂਡ ਰੋਡ ਫੋਰਮ 'ਚ ਅਮਰੀਕਾ ਦੇ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਅਧਿਕਾਰੀ ਮੈਟ ਪੋਟਿੰਗਰ ਸ਼ਾਮਲ ਹੋਏ ਸਨ। ਅਜਿਹੀਆਂ ਅਟਕਲਾਂ ਹਨ ਕਿ ਸੰਮੇਲਨ ਦੀ ਜਾਣਕਾਰੀ ਜੁਟਾਉਣ ਲਈ ਅਮਰੀਕਾ ਹੇਠਲੇ ਪੱਧਰ ਦੇ ਕਿਸੇ ਅਧਿਕਾਰੀ ਨੂੰ ਭੇਜ ਸਕਦਾ ਹੈ, ਪਰ ਉਹ ਅਧਿਕਾਰਿਕ ਰੂਪ ਨਾਲ ਇਸ ਦਾ ਹਿੱਸਾ ਨਹੀਂ ਹੋਣਗੇ।