ਸਿੱਧੂ ਨੂੰ ਹੁਣ ਕਾਂਗਰਸ ‘ਚ ਵੀ ਬਣੇ ਰਹਿਣ ਦਾ ਕੋਈ ਹੱਕ ਨਹੀਂ : ਚੀਮਾ

by

ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਤੌਰ ਕੈਬਨਿਟ ਮੰਤਰੀ ਅਸਤੀਫ਼ਾ ਦਿੱਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ‘ਚ ਵੀ ਬਣੇ ਰਹਿਣ ਦਾ ਕੋਈ ਹੱਕ ਨਹੀਂ, ਉਨ੍ਹਾਂ ਨੂੰ ਤੁਰੰਤ ਇਹ ਭ੍ਰਿਸ਼ਟ ਪਾਰਟੀ ਛੱਡ ਦੇਣੀ ਚਾਹੀਦੀ ਹੈ।

ਪਾਰਟੀ ਹੈੱਡਕੁਆਰਟਰ ‘ਤੇ ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਨਾ ਸ਼ੱਕ ਨਵਜੋਤ ਸਿੰਘ ਸਿੱਧੂ ਦਾ ਸਾਫ਼-ਸੁਥਰਾ ਸਿਆਸੀ ਅਕਸ ਅਤੇ ਪੰਜਾਬ ਕੈਬਨਿਟ ‘ਚ ਸਿਰਫ਼ ਨਵਜੋਤ ਸਿੰਘ ਸਿੱਧੂ ਵੱਲੋਂ ਹੀ ਬਾਦਲਾਂ ਦੇ 10 ਸਾਲਾ ਮਾਫ਼ੀਆ ਰਾਜ ਸਮੇਤ ਬੇਅਦਬੀਆਂ ਦੇ ਮਾਮਲਿਆਂ 'ਤੇ ਬਾਦਲਾਂ ਵਿਰੁੱਧ ਬੇਬਾਕੀ ਨਾਲ ਬੋਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਨਹੀਂ ਸੀ ਆ ਰਿਹਾ, ਕਿਉਂਕਿ ਆਮ ਲੋਕਾਂ ‘ਚ ਸਿੱਧੂ ਦੇ ਵਧਦੇ ਸਿਆਸੀ ਕੱਦ ਨੂੰ ਕੈਪਟਨ ਆਪਣੀ ਕੁਰਸੀ ਲਈ ਵੀ ਖ਼ਤਰਾ ਸਮਝਣ ਲੱਗੇ ਸਨ। ਇਸ ਕਰਕੇ ਸਿੱਧੂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ, ਆਖ਼ਿਰ ਸਿੱਧੂ ਨੂੰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ ਗਿਆ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਨਵਜੋਤ ਸਿੰਘ ਸਿੱਧੂ ਬਤੌਰ ਬਿਜਲੀ ਮੰਤਰੀ ਅਹੁਦਾ ਸੰਭਾਲ ਕੇ ਪਿਛਲੀ ਬਾਦਲ ਸਰਕਾਰ ਦੌਰਾਨ ਜਨਤਕ (ਸਰਕਾਰੀ) ਥਰਮਲ ਪਲਾਂਟ ਬੰਦ ਕਰ ਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਨਾਜਾਇਜ਼ ਸ਼ਰਤਾਂ ਵਾਲੇ ਸਮਝੌਤੇ ਰੱਦ ਕਰਦੇ ਅਤੇ ਬਾਦਲਾਂ ਦੇ ਬਿਜਲੀ ਮਾਫ਼ੀਆਂ ਨੂੰ ਨੰਗਾ ਕਰਦੇ। ਇਹ ਵੀ ਜਨਤਕ ਕਰਦੇ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਥਰਮਲ ਕੰਪਨੀਆਂ

ਨਾਲ ਹੋਏ ਸਮਝੌਤੇ ਰੱਦ ਕਰਨ ਤੋਂ ਕਿਉਂ ਭੱਜ ਗਏ?

ਚੀਮਾ ਨੇ ਕਿਹਾ ਕਿ ਸਿੱਧੂ ਨੇ ਸੂਬੇ ਤੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਦਾ ਮੌਕਾ ਖੁੰਝਾ ਲਿਆ ਹੈ ਕਿਉਂਕਿ ਲੋਕਾਂ ਨੂੰ ਸਿੱਧੂ ਤੋਂ ਕਾਫ਼ੀ ਉਮੀਦਾਂ ਸਨ। ਇਕ ਸਵਾਲ ਦੇ ਜਵਾਬ ‘ਚ ਚੀਮਾ ਨੇ ਕਿਹਾ ਕਿ ਸਿੱਧੂ ਨੂੰ ਤੁਰੰਤ ਕਾਂਗਰਸ ਤੋਂ ਹੀ ਕਿਨਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਨਵਜੋਤ ਸਿੰਘ ਸਿੱਧੂ ਬਲਕਿ ਇਮਾਨਦਾਰ ਤੇ ਸਾਫ਼ ਸੁਥਰੇ ਅਕਸ ਵਾਲੇ ਹਰ ਉਸ ਆਗੂ ਦਾ ‘ਆਪ’ ‘ਚ ਸਵਾਗਤ ਹੈ ਜੋ ਪੰਜਾਬ ਦੀ ਜਵਾਨੀ, ਕਿਸਾਨੀ, ਦਲਿਤਾਂ, ਵਪਾਰੀਆਂ, ਉਦਯੋਗਪਤੀਆਂ, ਕਰਮਚਾਰੀਆਂ, ਬੇਰੁਜ਼ਗਾਰਾਂ ਦੇ ਹੱਕ ‘ਚ ਮਾਫ਼ੀਆ ਰਾਜ ਵਿਰੁੱਧ ਡਟਣ ਦਾ ਜਜ਼ਬਾ ਰੱਖਦਾ ਹੈ।