ਨਿਊਯਾਰਕ (ਵਿਕਰਮ ਸਹਿਜਪਾਲ) : ਕੈਨੇਡਾ ਤੋਂ ਬਾਅਦ ਹੁਣ ਪੰਜਾਬੀ ਬੋਲੀ ਨੂੰ ਅਮਰੀਕਾ ਵਿਚ ਵੀ ਵਿਸ਼ੇਸ਼ ਪਛਾਣ ਮਿਲੇਗੀ। ਇਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ 2020 'ਚ ਅਮਰੀਕਾ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੇ ਮਰਦਮਸ਼ੁਮਾਰੀ ਪ੍ਰੋਗਰਾਮ 'ਚ ਪੰਜਾਬੀ ਨੂੰ ਗ਼ੈਰ-ਅੰਗਰੇਜ਼ੀ ਭਾਸ਼ਾਵਾਂ ਦੇ ਉਸ ਗਰੁੱਪ ਵਿਚ ਰੱਖਿਆ ਗਿਆ ਹੈ ਜਿਸ ਨੂੰ ਮਾਨਤਾ ਦਿੱਤੀ ਜਾਣੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਰਦਮਸ਼ੁਮਾਰੀ ਦੌਰਾਨ ਜਿਹੜੇ ਪੰਜਾਬੀ ਲੋਕ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਹੋਣਗੇ, ਉਨ੍ਹਾਂ ਨੂੰ ਮਰਦਮਸ਼ੁਮਾਰੀ ਦਾ ਫ਼ਾਰਮ ਭਰਨ ਲਈ ਪੰਜਾਬੀ ਭਾਸ਼ਾਈ ਕਰਿੰਦਿਆਂ ਵੱਲੋਂ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਯੂ.ਐਸ. ਸੈਂਸਜ਼ ਬਿਊਰੋ ਨੇ ਕੁੱਲ 12 ਗ਼ੈਰ-ਅੰਗਰੇਜ਼ੀ ਭਾਸ਼ਾਵਾਂ ਬੋਲਦੇ ਲੋਕਾਂ ਨੂੰ ਮਰਦਮਸ਼ੁਮਾਰੀ ਲਈ ਤਕਨੀਕੀ ਅਤੇ ਭਾਸ਼ਾਈ ਮਦਦ ਕਰਨ ਦੀ ਯੋਜਨਾ ਬਣਾਈ ਹੈ ਜਿਸ ਵਿਚ ਦੁਭਾਸ਼ੀ ਪ੍ਰਸ਼ਨ-ਪੱਤਰ ਵੀ ਸ਼ਾਮਲ ਹੈ। ਪੰਜਾਬੀ ਭਾਸ਼ਾ ਇਸ 'ਚ ਸ਼ਾਮਲ ਹੈ। ਮਰਦਮਸ਼ੁਮਾਰੀ ਪ੍ਰਕਿਰਿਆ 1 ਅਪ੍ਰੈਲ 2019 ਤੋਂ ਸ਼ੁਰੂ ਹੋ ਰਹੀ ਹੈ। ਇਨ੍ਹਾਂ ਗ਼ੈਰ-ਅੰਗਰੇਜ਼ੀ ਭਾਸ਼ਾਵਾਂ 'ਚ ਪੰਜਾਬੀ ਤੋਂ ਬਿਨਾਂ ਭਾਰਤੀ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ ਅਤੇ ਮਰਾਠੀ ਵੀ ਸ਼ਾਮਲ ਕੀਤੀ ਗਈ ਹੈ। ਇਸ ਪ੍ਰਕਿਰਿਆ ਦੌਰਾਨ ਮਰਦਮਸ਼ੁਮਾਰੀ ਵਿਭਾਗ ਸਾਰਿਆਂ ਦੇ ਘਰ ਚਿੱਠੀ ਭੇਜੇਗਾ ਅਤੇ ਇਸ 'ਚ ਦਿੱਤੇ ਕੁਝ ਸਵਾਲਾਂ ਦੇ ਜਵਾਬ ਲਿਖਣੇ ਪੈਣਗੇ।