ਬਰੈਂਪਟਨ ਡੈਸਕ (ਵਿਕਰਮ ਸਹਿਜਪਾਲ) : ਵੀਰਵਾਰ ਰਾਤ ਨੂੰ ਬਰੈਂਪਟਨ ਵਿਖੇ ਇਕ ਸਕੂਲ ਦੇ ਬਾਹਰ ਆਪਣੇ ਦੋਸਤਾਂ ਨਾਲ ਖੇਡ ਰਹੇ 19 ਸਾਲਾ ਸ਼ਖਸ ਨੂੰ ਛੁਰਾ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛੁਰੇਬਾਜ਼ੀ ਦੇ ਕਾਰਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ ਇਹ ਵਾਰਦਾਤ ਵੈਨ ਕਰਕ ਡਰਾਈਵ ਅਤੇ ਬਰੈਮਟ੍ਰੇਲ ਗੇਟ ਵਿਖੇ ਸਥਿਤ ਕੈਥੋਲਿਕ ਐਲੀਮੈਂਟਰੀ ਸਕੂਲ ਦੇ ਪਾਰਕਿੰਗ ਸਥਾਨ ਵਿਚ ਰਾਤ 9 ਵਜੇ ਦੇ ਕਰੀਬ ਵਾਪਰੀ। ਪੀਲ ਰੀਜਨਲ ਪੁਲਿਸ ਦੇ ਕਾਂਸਟੇਬਲ ਅਖਿਲ ਮੂਕਨ ਨੇ ਦੱਸਿਆ ਕਿ ਪੀੜਤ ਅਤੇ ਉਸ ਦੇ ਦੋਸਤ ਪਾਰਕਿੰਗ ਸਥਾਨ ਵਿਚ ਖੇਡ ਰਹੇ ਸਨ ਜਦੋਂ ਇਕ ਸਾਈਕਲ ਸਵਾਰ ਸ਼ਖਸ ਉਥੇ ਪੁੱਜਾ।
ਦੋਹਾਂ ਧਿਰਾਂ ਦਰਮਿਆਨ ਅਣਪਛਾਤੇ ਕਾਰਨਾਂ ਕਰ ਕੇ ਤਕਰਾਰਬਾਜ਼ੀ ਹੋਈ ਅਤੇ ਸਾਈਕਲ ਸਵਾਰ ਸ਼ਖਸ ਨੇ ਛੁਰੇ ਨਾਲ ਹਮਲਾ ਕਰ ਦਿਤਾ। ਪੁਲਿਸ ਮੁਤਾਬਕ ਪੀੜਤ ਅਤੇ ਹਮਲਾਵਰ ਇਕ-ਦੂਜੇ ਦੇ ਜਾਣਕਾਰ ਨਹੀਂ ਅਤੇ ਹਮਲੇ ਲਈ ਜ਼ਿੰਮੇਵਾਰ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ੱਕੀ ਦੀ ਸ਼ਨਾਖਤ ਇਕ ਗੋਰੇ ਪੁਰਸ਼ ਵਜੋਂ ਕੀਤੀ ਹੈ ਜਿਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।