ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਅਮਰੀਕੀ ਉਤਪਾਦਾਂ 'ਤੇ ਕਸਟਮ ਡਿਊਟੀ ਵਧਾਉਣ ਲਈ ਭਾਰਤ 'ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ, 'ਹੁਣ ਇਹ ਸਵੀਕਾਰ ਨਹੀਂ ਕੀਤਾ ਜਾਵੇਗਾ।' ਟਰੰਪ ਦਾ ਇਹ ਬਿਆਨ ਲੰਘੇ ਮਹੀਨੇ ਜੀ-20 ਸ਼ਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਇਸ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਦੁੱਵਲੇ ਵਪਾਰ ਵਿਵਾਦਾਂ ਉੱਤੇ ਆਪਣੀ ਚਿੰਤਾ ਪ੍ਰਗਟਾਈ ਸੀ।
ਅਮਰੀਕੀ ਰਾਸ਼ਟਰਪਤੀ ਭਾਰਤ ਵੱਲੋਂ ਅਮਰੀਕਾ ਦੇ ਉਤਪਾਦਾਂ 'ਤੇ ਜ਼ਿਆਦਾ ਕਸਟਮ ਡਿਊਟੀ ਨੂੰ ਲੈ ਕੇ ਆਲੋਚਕ ਰਹੇ ਹਨ। ਟਰੰਪ ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ, 'ਭਾਰਤ ਲੰਮੇ ਸਮੇਂ ਤੋਂ ਅਮਰੀਕੀ ਉਤਪਾਦਾਂ 'ਤੇ ਕਸਟਮ ਡਿਊਟੀ ਲਗਾ ਰਿਹਾ ਹੈ। ਹੁਣ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।'ਦੱਸਣਯੋਗ ਹੈ ਕਿ ਅਮਰੀਕਾ ਨੇ ਭਾਰਤ ਨੂੰ ਤਰਜੀਹੀ ਵਿਵਸਥਾ ਤੋਂ ਬਾਹਰ ਕਰ ਦਿੱਤਾ ਹੈ, ਜਿਸ ਦੇ ਜਵਾਬ ਵਿੱਚ ਭਾਰਤ ਨੇ ਅਮਰੀਕਾ ਤੋਂ ਆਯਾਤ ਕੀਤੇ 28 ਵਸਤਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ।