ਗੂਗਲ ਦੇ CEO ਸੁੰਦਰ ਪਿਚਾਈ ਚੀਨੀ ਫ਼ੌਜ ਲਈ ਨਹੀਂ ਅਮਰੀਕਾ ਲਈ ਵਚਨਬੱਧ : ਟਰੰਪ

by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਗੂਗਲ ਦੇ ਸੀਈਓ ਸੁੰਦਰ ਪਿਚਾਈ ਚੀਨੀ ਫ਼ੌਜ ਲਈ ਨਹੀਂ, ਬਲਕਿ ਅਮਰੀਕਾ ਲਈ ਵਚਨਬੱਧ ਹਨ ਇਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ। ਪਿਚਾਈ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਅਮਰੀਕੀ ਸੁਰੱਖਿਆ ਪ੍ਰਤੀ ਵਚਨਬੱਧ ਹਨ। ਟਰੰਪ ਨੇ ਪਹਿਲਾਂ ਗੂਗਲ ਦੇ ਭਾਰਤਵੰਸ਼ੀ ਸੀਈਓ 'ਤੇ ਦੋਸ਼ ਲਗਾਇਆ ਸੀ ਕਿ ਉਹ ਅਸਿੱਧੇ ਤੌਰ 'ਤੇ ਚੀਨੀ ਫ਼ੌਜ ਨੂੰ ਮਜ਼ਬੂਤ ਕਰ ਰਹੇ ਹਨ। ਵ੍ਹਾਈਟ ਹਾਊਸ 'ਚ ਬੁੱਧਵਾਰ ਨੂੰ ਪਿਚਾਈ ਨਾਲ ਮੁਲਾਕਾਤ ਦੇ ਬਾਅਦ ਟਰੰਪ ਨੇ ਟਵੀਟ ਕੀਤਾ, 'ਗੂਗਲ ਦੇ ਚੇਅਰਮੈਨ ਸੁੰਦਰ ਪਿਚਾਈ ਨਾਲ ਮੁਲਾਕਾਤ ਹੋਈ।  ਉਹ ਸਾਫ਼ ਤੌਰ 'ਤੇ ਬਹੁਤ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦਿ੍ੜ੍ਹਤਾ ਨਾਲ ਕਿਹਾ ਕਿ ਉਹ ਚੀਨੀ ਫ਼ੌਜ ਨਹੀਂ ਬਲਕਿ ਅਮਰੀਕੀ ਫ਼ੌਜ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ।' ਇਸ ਮਹੀਨੇ ਦੇ ਸ਼ੁਰੂਆਤ 'ਚ ਟਰੰਪ ਨੇ ਇਹ ਦੋਸ਼ ਲਗਾਇਆ ਸੀ ਕਿ ਚੀਨ 'ਚ ਗੂਗਲ ਦੀਆਂ ਕਾਰੋਬਾਰੀ ਸਰਗਰਮੀਆਂ ਨਾਲ ਚੀਨ ਅਤੇ ਉਸ ਦੀ ਫ਼ੌਜ ਨੂੰ ਮਦਦ ਮਿਲ ਰਹੀ ਹੈ।  ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫ ਜਨਰਲ ਜੋਸਫ ਡਨਫੋਰਡ ਨੇ ਵੀ ਸੰਸਦ ਨੂੰ ਸ਼ਿਕਾਇਤ ਕੀਤੀ ਸੀ ਕਿ ਚੀਨ 'ਚ ਗੂਗਲ ਦੇ ਕੰਮ ਨਾਲ ਉੱਥੋਂ ਦੀ ਫ਼ੌਜ ਨੂੰ ਅਸਿੱਧੇ ਤੌਰ 'ਤੇ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਅਮਰੀਕੀ ਟੈਕਨਾਲੋਜੀ ਕੰਪਨੀ ਗੂਗਲ ਨੂੰ ਅਗਲੀ ਪੀੜ੍ਹੀ ਦੀ 5ਜੀ ਵਾਇਰਲੈੱਸ ਤਕਨੀਕ 'ਤੇ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ ਸੀ ਤਾਂ ਜੋ ਅਮਰੀਕੀ ਬਾਜ਼ਾਰਾਂ ਨੂੰ ਚੀਨ ਦੀ ਹੁਆਵੇ ਵਰਗੀ ਟੈਲੀਕਾਮ ਕੰਪਨੀ 'ਤੇ ਨਿਰਭਰ ਨਾ ਰਹਿਣਾ ਪਵੇ। ਡੈਨਫੋਰਡ ਨੇ 5ਜੀ ਖੇਤਰ 'ਚ ਦਬਦਬੇ ਨੂੰ ਦੇਸ਼ ਹਿੱਤ 'ਚ ਦੱਸਿਆ ਸੀ।