ਜਲੰਧਰ : ਨੇੜਲੇ ਪਿੰਡ ਪੱਤੜ ਕਲਾਂ ਵਿਖੇ ਐਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਦਮ ਨਾਲ ਕਰਵਾਇਆ ਗਿਆ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਖੇਡ ਮੇਲੇ ਵਿਚ ਆਲ ਓਪਨ ਕਬੱਡੀ ਵਿਚ ਅੱਠ ਅਕੈਡਮੀਆਂ ਦਾ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ, ਫਾਈਨਲ ਮੁਕਾਬਲਾ ਭਾਈ ਪਾਖਰ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਬਾਬਾ ਫਾਗੂੜਾ ਸਪੋਰਟਸ ਕਲੱਬ ਪੱਤੜਕਲਾਂ ਦੀ ਟੀਮ ਨੂੰ ਹਰਾ ਕੇ ਜਿੱਤਿਆ। ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਦਿੱਤਾ ਗਿਆ, ਉਪ ਜੇਤੂ ਟੀਮ ਨੂੰ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਗਿਆ। ਅਕੈਡਮੀਆਂ ਦੇ ਮੈਚਾਂ ਦੇ ਬੈਸਟ ਰੇਡਰ ਤਾਜਾ ਕਾਲਾ ਸੰਘਿਆਂ ਤੇ ਜਾਫੀ ਵਾਹਿਗੁਰੂ ਸੀਚੇਵਾਲ ਨੂੰ ਮੋਟਰਾਈਕਲ ਇਨਾਮ ਵਜੋ ਦਿੱਤੇ ਗਏ।
ਵਜ਼ਨੀ ਕਬੱਡੀ ਵਿਚ ਕਬੱਡੀ ਓਪਨ ਪਿੰਡ ਪੱਧਰ 'ਚ ਪੱਤੜ ਕਲਾਂ ਨੇ ਪਹਿਲਾ, ਕਾਲਾ ਸੰਘਿਆਂ ਨੇ ਦੂਜਾ, ਕਬੱਡੀ 75 ਕਿਲੋ ਭਾਰ ਵਰਗ ਵਿਚ ਖੁਸਰੋਪੁਰ ਨੇ ਪਹਿਲਾ ਪੱਤੜ ਕਲਾਂ ਨੇ ਦੂਜਾ ਇਨਾਮ ਹਾਸਲ ਕੀਤਾ। ਕਬੱਡੀ ਓਪਨ ਵਿਚ ਚੀਰਾ ਕਾਲਾ ਸੰਘਿਆਂ ਤੇ ਬੰਟੀ ਟਿੱਬਾ ਸਾਂਝੇ ਤੌਰ ਤੇ ਬੈਸਟ ਰੇਡਰ ਤੇ ਸੀਤਾ ਪੱਤੜ ਬੈਸਟ ਜਾਫੀ ਚੁਣੇ ਗਏ। ਜਿਨ•ਾਂ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚਾਂ ਦੀ ਕਮੈਂਟਰੀ ਗੋਪੀ ਥਿਗਲੀ, ਸਤਨਾਮ ਸਿੱਧਵਾਂ ਤੇ ਸੰਧੂ ਬ੍ਰਦਰਜ਼ ਵਲੋ ਕੀਤੀ ਗਈ। ਖੇਡ ਮੇਲੇ ਦੀ ਸਫਲਤਾ ਵਾਸਤੇ ਸਾਬੀ ਪੱਤੜ ਨਾਰਵੇ, ਗੁਰਪ੍ਰੀਤ ਸਿੰਘ ਖਾਲਸਾ, ਸਾਬੀ ਪੱਤੜ ਕਨੇਡਾ,ਗੁਰਦੇਵ ਸਿੰਘ ਬੋਲਾ, ਜਸਪਾਲ ਸਿੰਘ, ਹਰਿੰਦਰ ਸਿੰਘ ਕਨੇਡਾ,ਕੁਲਵਿੰਦਰ ਸਿੰਘ ਕਨੇਡਾ, ਲਵਲੀ ਪੱਤੜ, ਅਮਨ ਪੱਤੜ, ਬਖਸ਼ੀਸ਼ ਪੱਤੜ, ਬੇਅੰਤ ਪੱਤੜ, ਸਤਨਾਮ ਸਿੰਘ, ਚਰਨਜੀਤ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।