ਅਸੀ ਗੁਆਂਢੀ ਮੁਲਕ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ – ਟਰੰਪ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਅਮਰੀਕਾ ਕੈਨੇਡਾ ਨਾਲ ਆਪਣੇ ਸਬੰਧਾਂ ਨੂੰ ਕਾਫੀ ਤਵੱਜੋ ਦਿੰਦਾ ਰਿਹਾ ਹੈ ਅਤੇ ਇਨ੍ਹਾਂ ਨੂੰ ਬਰਕਰਾਰ ਰੱਖਣ ਲਈ ਅਸੀਂ ਕੰਮ ਕਰਾਂਗੇ। 'ਕੈਨੇਡਾ ਡੇਅ' ਮੌਕੇ ਆਪਣੇ ਗੁਆਂਢੀ ਮੁਲਕ ਨੂੰ ਵਧਾਈ ਦਿੰਦੇ ਟਰੰਪ ਨੇ ਕੈਨੇਡਾ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਾ ਮੈਸੇਜ ਭੇਜਿਆ। ਟਰੰਪ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਕਿ ਹੋਂਦ 'ਚ ਆਉਣ ਤੋਂ ਲੈ ਕੇ ਹੁਣ ਤੱਕ ਕੈਨੇਡਾ ਨੇ ਸ਼ਕਤੀਸ਼ਾਲੀ ਅਤੇ ਸਕਾਰਾਤਮਕ ਤਾਕਤ ਵਜੋਂ ਆਪਣੀ ਪਛਾਣ ਬਣਾਈ ਹੈ। ਸਾਡੇ ਲੋਕ ਆਪਸ 'ਚ ਬਹੁਤ ਹੀ ਮਜ਼ਬੂਤ ਰਿਸ਼ਤਾ ਸਾਂਝਾ ਕਰਦੇ ਹਨ।ਸਾਡਾ ਇਤਿਹਾਸ ਵੀ ਸਾਂਝਾ ਰਿਹਾ ਹੈ, ਸਾਡੇ ਸੱਭਿਆਚਾਰਕ, ਆਰਥਿਕ ਅਤੇ ਪਰਿਵਾਰਕ ਸਬੰਧ ਹਨ।

ਅਸੀਂ ਦੋਵੇਂ ਦੇਸ਼ ਦੁਨੀਆ 'ਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਬਣਾਏ ਰੱਖਣ ਲਈ ਮੋਹਰੀ ਹਾਂ। ਇਹ ਡਿਪਲੋਮੈਟਿਕ ਸੁਨੇਹਾ ਐਤਵਾਰ ਨੂੰ ਗਵਰਨਰ ਜਨਰਲ ਜੂਲੀ ਪੇਯੇਟੇ ਨੂੰ ਭੇਜਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਕੈਨੇਡਾ 'ਚ ਅਮਰੀਕੀ ਡਿਪਲੋਮੈਟ ਵਜੋਂ ਅਹੁਦਾ ਛੱਡ ਰਹੀ ਕੈਲੀ ਕ੍ਰਾਫਟ ਵੱਲੋਂ ਵੀ ਪਿਆਰ ਭਰਿਆ ਸੁਨੇਹਾ ਦਿੱਤਾ ਗਿਆ। ਪੋਂਪੀਓ ਨੇ ਆਪਣੇ ਬਿਆਨ 'ਚ ਕਿਹਾ ਕਿ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦਾ ਆਦਰ ਕਰਨ ਵਾਲੇ ਦੇਸ਼ ਵਜੋਂ ਕੈਨੇਡਾ ਨੂੰ ਅਮਰੀਕਾ ਆਪਣਾ ਅਹਿਮ ਭਾਈਵਾਲ ਮੰਨਦਾ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਵੱਲੋਂ ਮਨਾਈ ਜਾ ਰਹੀ ਆਪਣੀ 152ਵੀਂ ਵਰ੍ਹੇਗੰਢ ਦੇ ਜਸ਼ਨਾਂ 'ਚ ਅਸੀਂ ਵੀ ਸ਼ਾਮਲ ਹਾਂ।