ਨਵੀਂ ਦਿੱਲੀ (UNITED NRI POST) : ਦੇਸ਼ ਦੀ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਕੇਂਦਰ ਸਰਕਾਰ ਕੋਲ ਇਹ ਜਾਣਕਾਰੀ ਨਹੀਂ ਹੈ ਕਿ 1947 'ਚ ਭਾਰਤ-ਪਾਕਿ ਵੰਡ ਦੌਰਾਨ ਦੰਗਿਆਂ 'ਚ ਕਿੰਨੇ ਭਾਰਤੀ ਮਾਰੇ ਗਏ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਚਨਾ ਦਾ ਅਧਿਕਾਰ (RTI) ਦੇ ਜਵਾਬ 'ਚ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ- ਸਰਕਾਰ ਕੋਲ ਇਸ ਬਾਰੇ ਨਹੀਂ ਹੈ ਕੋਈ ਜਾਣਕਾਰੀ. ਪਾਨੀਪਤ ਦੇ RTI ਕਾਰਕੁਨ ਪੀਪੀ ਕਪੂਰ ਨੇ ਪਿਛਲੇ ਸਾਲ 29 ਅਕਤੂਬਰ 2018 ਨੂੰ ਕੇਂਦਰੀ ਗ੍ਰਹਿ ਮੰਤਰਾਲੇ 'ਚ RTI ਦਾਇਰ ਕਰਦਿਆਂ ਭਾਰਤ-ਪਾਕਿ ਵੰਡ ਨਾਲ ਜੁੜੇ ਅੱਠ ਬਿੰਦੂਆਂ ਦੀ ਜਾਣਕਾਰੀ ਮੰਗੀ ਸੀ। ਜਵਾਬ 'ਚ ਰਾਸ਼ਟਰੀ ਅਪਰਾਧ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਏ ਮੋਹਨ ਕ੍ਰਿਸ਼ਨਾ ਨੇ ਕਿਸੇ ਵੀ ਬਿੰਦੂ ਦੀ ਸੂਚਨਾ ਹੋਣ ਤੋਂ ਇਨਕਾਰ ਕਰ ਦਿੱਤਾ।
ਪੀਪੀ ਕਪੂਰ ਨੇ ਦਾਅਵਾ ਕੀਤਾ ਕਿ ਭਾਰਤ-ਪਾਕਿ ਵੰਡ ਦੌਰਾਨ ਲਗਪਗ ਡੇਢ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਦੂਸਰੀ ਜਗ੍ਹਾ ਸ਼ਿਫਟ ਹੋਣਾ ਪਿਆ ਸੀ। ਇਸ ਦੌਰਾਨ ਫ਼ਿਰਕੂ ਹਿੰਸਾ ਵਿਚ ਦੋ ਲੱਖ ਤੋਂ ਜ਼ਿਆਦਾ ਨਾਗਰਿਕ ਮਾਰੇ ਗਏ। ਲੱਖਾਂ ਲੋਕ ਜ਼ਖ਼ਮੀ ਹੋਏ ਅਤੇ ਹਜ਼ਾਰਾਂ ਔਰਤਾਂ ਜ਼ਿਆਦਤੀ ਦਾ ਸ਼ਿਕਾਰ ਹੋਈਆਂ। ਇਸ ਤੋਂ ਸ਼ਰਮਨਾਕ ਸਥਿਤੀ ਕੀ ਹੋਵੇਗੀ ਕਿ ਕੇਂਦਰ ਸਰਕਾਰ ਕੋਲ ਇੰਨੇ ਸਾਲਾਂ ਬਾਅਦ ਵੀ ਵੰਡ ਦੀ ਬਲੀ ਚੜ੍ਹਾਏ ਗਏ ਲੱਖਾਂ ਬੇਦੋਸ਼ੇ ਲੋਕਾਂ ਦਾ ਕੋਈ ਲੇਖਾ-ਜੋਖਾ ਨਹੀਂ।
ਇਨ੍ਹਾਂ ਸਵਾਲਾਂ ਦਾ ਨਹੀਂ ਮਿਲਿਆ ਜਵਾਬ
- ਹਿੰਦੂ-ਮੁਸਲਿਮ ਦੰਗਿਆਂ 'ਚ ਪਾਕਿਸਤਾਨ ਤੋਂ ਭਾਰਤ ਪਰਤੇ ਕਿੰਨੇ ਹਿੰਦੂ ਅਤੇ ਸਿੱਖ ਮਾਰੇ ਗਏ। ਸ਼ਹਿਰ ਅਤੇ ਜ਼ਿਲ੍ਹਿਆਂ ਦੇ ਜ਼ਿਕਰ ਸਮੇਤ।
- ਪਾਕਿਸਤਾਨ ਜਾਂਦੇ ਸਮੇਂ ਕਿੰਨੇ ਮੁਸਲਮਾਨਾਂ ਦੀ ਮੌਤ ਹੋਈ।
- ਦੰਗਿਆਂ ਦੇ ਮ੍ਰਿਤਕਾਂ ਨੂੰ ਸੁਤੰਤਰਤਾ ਸੈਨਾਨੀ ਮੰਨਿਆ ਗਿਆ ਜਾਂ ਸ਼ਹੀਦ ਜਾਂ ਫਿਰ ਕੁਝ ਹੋਰ।
- ਫ਼ਿਰਕੂ ਹਿੰਸਾ 'ਚ ਮਾਰੇ ਗਏ ਭਾਰਤੀਆਂ ਦਾ ਆਸ਼ਰਿਤਾਂ ਨੂੰ ਕੀ ਆਰਥਿਕ ਮਦਦ ਮਿਲੀ।
- ਤੱਤਕਾਲੀ ਭਾਰਤ ਸਰਕਾਰ ਵਲੋਂ ਗਠਿਤ ਕਮੇਟੀ/ਕਮਿਸ਼ਨ ਦੀ ਰਿਪੋਰਟ ਤੇ ਇਸ 'ਤੇ ਕੀਤੀ ਗਈ ਕਾਰਵਾਈ ਰਿਪੋਰਟ ਦੀ ਫੋਟੋ ਕਾਪੀ।
- ਵੰਡ ਦੇ ਫ਼ੈਸਲੇ 'ਚ ਸ਼ਾਮਲ ਬ੍ਰਿਟਿਸ਼ ਤੇ ਭਾਰਤੀ ਆਗੂਆਂ ਦੇ ਨਾਂ, ਉਪ ਨਾਮ ਦੀ ਸੂਚਨਾ ਤੇ ਸਬੰਧਿਤ ਦਸਤਾਵੇਜ਼ਾਂ ਦੀ ਪੁਸ਼ਟ ਫੋਟੋ ਕਾਪੀ।