World Cup 2019 – ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੇ ਦੱਖਣੀ ਅਫਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਓਪਨਰ ਹਾਸ਼ਿਮ ਅਮਲਾ ਤੇ ਕਪਤਾਨ ਫਾਫ ਡੂ ਪਲੇਸਿਸ ਦੇ ਅਜੇਤੂ ਅਰਧ ਸੈਂਕੜਿਆਂ ਨਾਲ ਸ਼੍ਰੀਲੰਕਾ ਨੂੰ ਸ਼ੁੱਕਰਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਉਸਦੀਆਂ ਉਮੀਦਾਂ ਨੂੰ ਜ਼ੋਰਦਾਰ ਝਟਕਾ ਦੇ ਦਿੱਤਾ। ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 49.3 ਓਵਰਾਂ ਵਿਚ 203 ਦੌੜਾਂ ਢੇਰ ਕਰਨ ਤੋਂ ਬਾਅਦ 37.2 ਓਵਰਾਂ ਵਿਚ ਸਿਰਫ 1 ਵਿਕਟ ਦੇ ਨੁਕਸਾਨ 'ਤੇ 206 ਦੌੜਾਂ ਬਣਾ ਕੇ ਮੁਕਾਬਲਾ ਆਸਾਨੀ ਨਾਲ ਜਿੱਤ ਲਿਆ। 

ਦੱਖਣੀ ਅਫਰੀਕਾ ਨੇ ਖੇਡ ਦੇ ਤਿੰਨੇ ਵਿਭਾਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਤੱਦ ਕੀਤਾ ਜਦੋਂ ਉਹ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ। ਦੱਖਣੀ ਅਫਰੀਕਾ ਦੀ 8 ਮੈਚਾਂ ਵਿਚੋਂ ਇਹ ਦੂਜੀ ਜਿੱਤ ਹੈ ਤੇ ਉਸਦੇ 5 ਅੰਕ ਹੋ ਗਏ ਹਨ। ਦੱਖਣੀ ਅਫਰੀਕਾ ਅੰਕ ਸੂਚੀ ਵਿਚ ਵਿੰਡੀਜ਼ ਨੂੰ ਪਿੱਛੇ ਛੱਡ ਕੇ 8ਵੇਂ ਸਥਾਨ 'ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਲਈ ਇਹ ਮਹੱਤਵਪੂਰਨ ਮੁਕਾਬਲਾ ਸੀ ਤੇ ਇਸ ਹਾਰ ਨਾਲ ਉਸਨੂੰ ਜ਼ੋਰਦਾਰ ਝਟਕਾ ਲੱਗਾ ਹੈ। 

ਸ਼੍ਰੀਲੰਕਾ ਦੀ 7 ਮੈਚਾਂ ਵਿਚੋਂ ਇਹ ਤੀਜੀ ਹਾਰ ਹੈ ਤੇ ਉਸਦੇ ਖਾਤੇ ਵਿਚ 6 ਅੰਕ ਹਨ। ਸੈਮੀਫਾਈਨਲ ਵਿਚ ਜਾਣ ਲਈ ਸ਼੍ਰੀਲੰਕਾ ਨੂੰ ਆਪਣੇ ਬਾਕੀ ਬਚੇ ਦੋਵੇਂ ਮੈਚ ਜਿੱਤਣੇ ਹੀ ਪੈਣਗੇ ਤੇ ਨਾਲ ਹੀ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਪਵੇਗੀ।