ਬਿੱਟੂ ਦੀ ਜੇਲ੍ਹ ‘ਚ ਹੋਈ ਹੱਤਿਆ ਦਾ ਕਾਰਨ ਸਾਜ਼ਿਸ਼ : ਭਗਵੰਤ ਮਾਨ

by mediateam

ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ੍ਹ 'ਚ ਹੋਈ ਹੱਤਿਆ ਦਾ ਕਾਰਨ ਸਾਜ਼ਿਸ਼ ਦੱਸਿਆ ਹੈ। ਇਸ ਵਾਰਦਾਤ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ।ਆਪ' ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ 'ਆਪ' ਆਗੂਆਂ ਨੇ ਕਿਹਾ ਕਿ ਨਾਭਾ ਦੀ ਸਭ ਤੋਂ ਸੁਰੱਖਿਅਤ ਕਹੀ ਜਾਂਦੀ ਜੇਲ੍ਹ ਅੰਦਰ ਬੰਦ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਅਹਿਮ ਦੋਸ਼ੀ ਦਾ ਕਤਲ ਹੋਣਾ ਸਾਧਾਰਨ ਮਾਮਲਾ ਨਹੀਂ ਹੈ। 

ਇਹ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਸਬੂਤਾਂ ਨੂੰ ਖ਼ਤਮ ਕਰਨ ਦੀ ਕੜੀ ਦਾ ਹਿੱਸਾ ਹੈ। ਦੂਜੇ ਪਾਸੇ ਕਾਨੂੰਨ ਵਿਵਸਥਾ ਦੇ ਲਿਹਾਜ਼ ਤੋਂ ਜੰਗਲ ਰਾਜ ਬਣੇ ਪੰਜਾਬ ਦੀ ਅਸਲੀਅਤ ਬਿਆਨ ਕਰਨ ਵਾਲੀ ਘਟਨਾ ਹੈ ਕਿਉਂਕਿ ਜੋਲ੍ਹਾਂ ਨੂੰ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ।'ਆਪ' ਆਗੂਆਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਕਰੋੜਾਂ ਲੋਕਾਂ ਦੀਆਂ ਧਾਰਮਿਕ ਸਮਾਜਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸਮੁੱਚੀ ਸੰਗਤ ਜਲਦ ਇਨਸਾਫ਼ ਅਤੇ ਸਾਰੇ ਛੋਟੇ ਵੱਡੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਰਕਾਰ ਵੱਲ ਦੇਖ ਰਹੀ ਹੈ ਪਰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਅਤੇ ਫਿਰ ਢਾਈ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਵਾਅਦਿਆਂ ਦਾਅਵਿਆਂ ਮੁਤਾਬਿਕ ਨਾ ਤਾਂ ਅਜੇ ਤਕ ਮੁੱਖ ਸਾਜ਼ਿਸ਼ ਕਰਤਾਵਾਂ ਤਕ ਪਹੁੰਚ ਕਰ ਸਕੀ ਹੈ ਤੇ ਨਾ ਹੀ ਕੋਈ ਤੇਜ਼ੀ ਦਿਖਾ ਰਹੀ ਹੈ। 

ਬਿੱਟੂ ਵਰਗੇ ਸਬੂਤਾਂ ਦਾ ਮਿੱਟਦਾ ਜਾਣਾ ਹੀ ਵੱਡੇ ਸ਼ੰਕੇ 'ਤੇ ਸਵਾਲ ਖੜ੍ਹੇ ਕਰਦਾ ਹੈ। ਅਜਿਹਾ ਕੁਝ ਕਰਨ-ਕਰਾਉਣ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ? ਇਸ ਲਈ ਆਮ ਆਦਮੀ ਪਾਰਟੀ ਇਸ ਸਮੁੱਚੇ ਘਟਨਾਕਰਮ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਸਮਾਂਬੱਧ ਜਾਂਚ ਦੀ ਮੰਗ ਕਰਦੀ ਹੈ ਕਿਉਂਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਵਿਚ ਬਾਦਲ ਪਰਿਵਾਰ ਸਮੇਤ ਵੱਡੇ-ਵੱਡੇ ਪੁਲਿਸ ਅਫਸਰਾਂ ਅਤੇ ਉੱਚ ਸਿਆਸੀ ਰਸੂਖ ਰੱਖਣ ਵਾਲੇ ਤਾਕਤਵਰ ਲੋਕਾਂ ਦਾ ਨਾਮ ਵੱਜ ਰਿਹਾ ਹੈ।