ਟੋਰਾਂਟੋ (ਵਿਕਰਮ ਸਹਿਜਪਾਲ) : ਯੂਨਾਈਟਿਡ ਨੇਸ਼ਨ ਦੀ 2018 ਦੀ ਰਿਫਿਊਜ਼ੀਆਂ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿਚ ਸਿੱਧੇ ਤੌਰ 'ਤੇ ਕਿਹਾ ਗਿਆ ਹੈ ਕਿ ਕੈਨੇਡਾ ਸ਼ਰਨਾਰਥੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ਵਿਚ ਸਭ ਤੋਂ ਮੋਹਰੇ ਖੜ੍ਹਾ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਥਾਨ ਕੈਨੇਡਾ ਨੇ ਅਮਰੀਕਾ ਵਰਗੀ ਦੁਨੀਆ ਦੀ ਚੋਟੀ ਦੀ ਅਰਥਵਿਵਸਥਾ ਵਾਲੇ ਮੁਲਕ ਨੂੰ ਪਛਾੜ ਕੇ ਹਾਸਲ ਕੀਤਾ ਹੈ।
ਯੂ.ਐਨ. ਹਾਈ ਕਮਿਸ਼ਨਰ ਵਲੋਂ ਬੁੱਧਵਾਰ ਨੂੰ ਇਸ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ 1980 ਰਿਫਿਊਜੀ ਐਕਟ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕੈਨੇਡਾ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੋਵੇ। ਕੈਨੇਡਾ ਵਿਚ ਸਾਲ 2018 ਵਿਚ 28,100 ਸ਼ਰਨਾਰਥੀਆਂ ਦਾ ਸਵਾਗਤ ਕੀਤਾ ਗਿਆ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ 10 ਗੁਣਾ ਆਬਾਦੀ ਰੱਖਣ ਵਾਲੇ ਦੇਸ਼ ਅਮਰੀਕਾ ਵਿਚ ਸਾਲ 2018 ਦੌਰਾਨ 23000 ਰਿਫਿਊਜੀਆਂ ਨੂੰ ਹੀ ਪਨਾਹ ਦਿੱਤੀ ਗਈ, ਜੋ ਕਿ 2016 ਦੇ 97000 ਦੇ ਅੰਕੜੇ ਮੋਹਰੇ ਬਹੁਤ ਛੋਟਾ ਨਜ਼ਰ ਆਉਂਦਾ ਹੈ। ਇਸ ਦੌਰਾਨ ਕੁਝ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਹੋਣ ਦਾ ਕਾਰਨ ਟਰੰਪ ਵਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਨੀਤੀਆਂ ਜਿਨ੍ਹਾਂ ਨੇ ਅਮਰੀਕਾ ਵਿਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿਚ ਭਾਰੀ ਕਮੀ ਲਿਆਂਦੀ ਹੈ।
ਕੈਨੇਡਾ ਵਿਚ ਹਰੇਕ 10 ਲੱਖ ਪਿੱਛੇ 756 ਸ਼ਰਨਾਰਥੀਆਂ ਨੂੰ ਗਲ ਲਾਇਆ ਗਿਆ, ਜਿਥੇ ਆਸਟ੍ਰੇਲੀਆ ਵਿਚ 510, ਸਵੀਡਨ ਵਿਚ 493, ਨਾਰਵੇ ਵਿਚ 465 ਅਤੇ ਅਮਰੀਕਾ ਵਿਚ ਇਹ ਗਿਣਤੀ ਸਿਰਫ 70 ਹੀ ਰਹਿ ਗਈ। ਚਾਹੇ ਕੈਨੇਡਾ ਇਸ ਸੂਚੀ ਵਿਚ ਮੋਹਰੀ ਬਣ ਗਿਆ ਹੈ ਪਰ 2016 ਵਿਚ ਕੈਨੇਡਾ ਆਏ 47000 ਸ਼ਰਨਾਰਥੀਆਂ ਦੇ ਮੁਕਾਬਲੇ 2018 ਦੇ 28100 ਸ਼ਰਨਾਰਥੀ ਬਹੁਤ ਘੱਟ ਹਨ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਾਲ 2016 ਵਿਚ ਗਲੋਬਲ ਦੇਸ਼ਾਂ ਵਲੋਂ 189,000 ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਗਈ, ਇਹ ਅੰਕੜਾ 2017 ਵਿਚ ਡਿੱਗ ਕੇ 1,03,000 ਰਹਿ ਗਿਆ ਅਤੇ 2018 ਵਿਚ ਇਹ ਗਿਣਤੀ ਸਿਰਫ 92000 'ਤੇ ਆ ਕੇ ਟਿਕ ਗਈ।