ਲੰਡਨ ਡੈਸਕ (ਵਿਕਰਮ ਸਹਿਜਪਾਲ) : ਗੇਂਦਬਾਜ਼ਾਂ ਦੇ ਅਨੁਸ਼ਾਸਨ ਭਰੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਦੇ ਅਜੇਤੂ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਦੇ ਮੈਚ ਵਿਚ 4 ਵਿਕਟਾਂ ਨਾਲ ਹਰਾ ਕੇ ਅੰਤਿਮ-4 ਦੇ ਦਰਵਾਜ਼ੇ ਉਸ ਦੇ ਲਈ ਲਗਭਗ ਬੰਦ ਕਰ ਦਿੱਤੇ। ਇਸ ਜਿੱਤ ਦੇ ਨਾਲ ਪਿਛਲੀ ਵਾਰ ਦੀ ਉਪ-ਜੇਤੂ ਨਿਊਜ਼ੀਲੈਂਡ 5 ਮੈਚਾਂ ਵਿਚ 9 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ ਹੈ ਜਦਕਿ ਦੱਖਣੀ ਅਫਰੀਕਾ 6 ਮੈਚਾਂ ਵਿਚ 3 ਅੰਕਾਂ ਦੇ ਨਾਲ 10 ਟੀਮਾਂ ਵਿਚ 8ਵੇਂ ਸਥਾਨ 'ਤੇ ਹੈ। ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਮਾਮੂਲੀ ਉਮੀਦਾਂ ਬਰਕਰਾਰ ਰੱਖਣ ਲਈ ਇਹ ਮੈਚ ਹਰ ਹਾਲਤ ਵਿਚ ਜਿੱਤਣਾ ਸੀ।
ਦੱਖਣੀ ਅਫਰੀਕਾ ਦੇ 6 ਵਿਕਟਾਂ 'ਤੇ 241 ਦੌੜਾਂ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ 3 ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ। ਮੁਸ਼ਕਲ ਪਿੱਚ 'ਤੇ ਵਿਲੀਅਮਸਨ ਕਪਤਾਨੀ ਪਾਰੀ ਖੇਡਦਾ ਹੋਇਆ 138 ਗੇਂਦਾਂ 'ਤੇ 9 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 106 ਦੌੜਾਂ ਬਣਾ ਕੇ ਅਜੇਤੂ ਰਿਹਾ। ਨਿਊਜ਼ੀਲੈਂਡ ਨੂੰ ਆਖਰੀ ਓਵਰ ਵਿਚ ਜਿੱਤ ਲਈ 8 ਦੌੜਾਂ ਦੀ ਲੋੜ ਸੀ। ਵਿਲੀਅਮਸਨ ਨੇ ਏਂਡਿਲੇ ਫੇਲਕਵਾਓ ਦੀ ਦੂਜੀ ਗੇਂਦ 'ਤੇ ਚੌਕਾ ਅਤੇ ਤੀਜੀ 'ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ।