ਫ਼ਤਿਹਵੀਰ ਦੀ ਸਲਾਮਤੀ ਲਈ ਹਰ ਕੋਈ ਕਰ ਰਿਹੈ ਅਰਦਾਸ

by mediateam

ਸੰਗਰੂਰ (ਵਿਕਰਮ ਸਹਿਜਪਾਲ) : ਵੀਰਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਫ਼ਤਿਹਵੀਰ ਸਿੰਘ ਨੂੰ ਹੁਣ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ। ਬੱਚੇ ਦੇ ਸਹੀ-ਸਲਾਮਤ ਬਾਹਰ ਕੱਢ ਲਏ ਜਾਣ ਦੀਆਂ ਪੱਕੀਆਂ ਆਸਾਂ ਹੁਣ ਤਿੜਕਣ ਲੱਗ ਪਈਆਂ ਹਨ। ਇਸ ਲਈ ਰੋਸ ਵਿੱਚ ਆ ਕੇ ਸਥਾਨਕ ਨਿਵਾਸੀਆਂ ਨੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੇ ਸੁਨਾਮ ’ਚ ਪਟਿਆਲਾ-ਮਾਨਸਾ ਸੜਕ ਜਾਮ ਕਰ ਦਿੱਤੀ। ਕੈਪਟਨ ਨੇ ਇਸ ਮਾਮਲੇ ਸਬੰਧੀ ਟਵੀਟ ਕੀਤਾ ਹੈ ਕਿ ਉਹ ਐਨਡੀਆਰਐਫ, ਸਥਾਨਕ ਪ੍ਰਸ਼ਾਸਨ ਤੇ ਬਾਹਰਲੇ ਮਾਹਰਾਂ ਵੱਲੋਂ ਲਗਾਤਾਰ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਡਿਪਟੀ ਕਮਿਸ਼ਨਰ ਵੀ ਬਚਾਅ ਕਾਰਜ 'ਤੇ ਨਜ਼ਰ ਰੱਖ ਰਹੇ ਹਨ। ਉਹ ਫ਼ਤਹਿਵੀਰ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਬੱਚੇ ਦੀ ਭਲਾਈ ਲਈ ਦੁਆ ਕਰਦੇ ਹਨ। ਜਿਸ ਬੋਰ ਵਿੱਚ ਫ਼ਤਿਹਵੀਰ ਡਿੱਗਿਆ ਸੀ, ਉਸ ਦੇ ਬਰਾਬਰ 120 ਫ਼ੁੱਟ ਡੂੰਘਾ ਇੱਕ ਹੋਰ ਬੋਰ ਕੀਤਾ ਗਿਆ ਪਰ ਫਿਰ ਵੀ ਬੱਚੇ ਤੱਕ ਪੁੱਜਿਆ ਨਹੀਂ ਜਾ ਸਕਿਆ। ਪ੍ਰਸ਼ਾਸਨ ਤੇ 'ਨੈਸ਼ਨਲ ਡਿਜ਼ਾਸਟਰ ਰੈਸਪਾਂਸ ਫ਼ੋਰਸ’ (NDRF) ਦੀਆਂ ਟੀਮਾਂ ਬੱਚੇ ਤੱਕ ਪੁੱਜਣ 'ਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।

ਇਸ ਤੋਂ ਬਾਅਦ ਕੈਪਟਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ 24 ਘੰਟਿਆ ਦੇ ਅੰਦਰ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਹੈ ਕਿ ਕਿਤੇ ਵੀ ਜੇ ਕੋਈ ਖੁੱਲ੍ਹੇ ਬੋਰਵੈਲ ਮੌਜੂਦ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ।

ਫ਼ਤਿਹਵੀਰ ਦੇ ਦਾਦਾ ਨੇ ਲੋਕਾਂ ਨੂੰ ਕੀਤੀ ਅਪੀਲ
ਫਤਿਹਵੀਰ ਦੇ ਦਾਦਾ ਰੋਹੀ ਸਿੰਘ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਫ਼ਤਿਹਵੀਰ ਨੂੰ ਕੱਢਣ ਲਈ ਫ਼ੌਜ ਨੇ ਸੰਭਾਲਿਆ ਮੋਰਚਾ
ਫ਼ਤਿਹਵੀਰ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਅਸਫਲ ਰਹੀ NDRF ਟੀਮ ਤੋਂ ਬਾਅਦ ਆਰਮੀ ਨੇ ਮੋਰਚਾ ਸੰਭਾਲ ਲਿਆ ਹੈ। ਆਰਮੀ ਨੇ ਪ੍ਰਸ਼ਾਸਨ ਦੇ ਹੈਂਡਓਵਰ ਦੇਣ ਤੋਂ ਬਾਅਦ ਇਹ ਮੋਰਚਾ ਸੰਭਾਲਿਆ ਹੈ।

ਆਪਰੇਸ਼ਨ ਚ ਦੇਰੀ ਕਾਰਨ ਗੁੱਸੇ 'ਚ ਲੋਕ
ਇਸ ਤੋਂ ਪਹਿਲਾ ਪ੍ਰਸ਼ਾਸਨ ਦੀ ਕਾਰਵਾਈ ਖਿਲਾਫ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ। ਲੋਕਾਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ। ਪੁਲਿਸ ਨਾਲ ਲੋਕਾਂ ਦੀ ਤਕਰਾਰ ਵੀ ਹੋਈ। ਲੋਕ ਉਸ ਸਮੇਂ ਗੁੱਸੇ ਵਿੱਚ ਆਏ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਜਿਹੜੀ ਪਾਈਪ ਕੱਟੀ ਗਈ ਸੀ, ਉਹ ਫ਼ਤਿਹਵੀਰ ਨੂੰ ਬਚਾਉਣ ਲਈ ਸਹੀ ਨਹੀਂ ਸੀ। ਪ੍ਰਸ਼ਾਸਨ ਵੱਲੋਂ ਬੋਰਵੈੱਲ ਦੀ ਖੁਦਾਈ ਤਾਂ ਕਰ ਲਈ ਗਈ ਹੈ ਪਰ ਬੱਚੇ ਤੱਕ ਸੁਰੰਗ ਬਣਾਉਣ ਵਿੱਚ ਕਾਮਯਾਬੀ ਨਹੀਂ ਮਿਲ ਸਕੀ ਹੈ।