ਲੁਧਿਆਣਾ : ਸਿੱਖਿਆ ਵਿਭਾਗ ਖੋਹੇ ਤੋਂ ਬਾਅਦ ਕੈਬਨਿਟ ਮੰਤਰੀ ਓਪੀ ਸੋਨੀ ਬੇਹੱਦ ਨਾਰਾਜ਼ ਹਨ। ਉਨ੍ਹਾਂ ਦੀ ਇਹ ਨਾਰਾਜ਼ਗੀ ਲੁਧਿਆਣਾ ਦੇ ਗਰਵਨਮੈਂਟ ਗਰਲਸ ਕਾਲਜ 'ਚ ਆਯੋਜਿਤ ਐਜੂਕੇਸ਼ਨ ਐਕਸਪੋ 'ਚ ਸਪਸ਼ਟ ਤੌਰ 'ਤੇ ਦਿਖਾਈ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਓਪੀ ਸੋਨੀ ਨੇ ਇੱਥੋਂ ਤਕ ਕਹਿ ਦਿੱਤਾ ਕਿ ਪੰਜਾਬ 'ਚ ਬਿਊਰੋਕ੍ਰੇਸੀ ਭਾਰੂ ਹੈ। ਇਹ ਗੱਲ ਉਨ੍ਹਾਂ ਨੇ ਖੁੱਲ੍ਹ ਕੇ ਕਹੀ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਇਸ ਸਮੇਂ ਮੰਤਰੀਆਂ 'ਤੇ ਅਫਸਰ ਭਾਰੂ ਹੋ ਰਹੇ ਨੇ? ਜਿਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਸਾਹਿਬ ਦੀ ਅਗਵਾਈ 'ਚ ਪਾਰਟੀ ਚੰਗਾ ਕੰਮ ਕਰ ਰਹੀ ਹੈ।
ਪੰਜਾਬ 'ਚ ਅਜੇ ਹੋਰ ਕੰਮ ਹੋ ਰਿਹਾ ਹੈ ਪਰ ਇਕ ਗੱਲ ਖੁੱਲ੍ਹ ਕੇ ਜ਼ਰੂਰ ਕਹਾਂਗਾ ਕਿ ਪੰਜਾਬ 'ਚ ਬਿਊਰੋਕ੍ਰੇਸੀ ਭਾਰੂ ਹੈ। ਬਿਊਰੋਕ੍ਰੇਸੀ ਦੇ ਅੱਗੇ ਨਹੀਂ ਝੁਕਾਂਗਾ। ਮੈਂ ਝੁਕਣ ਵਾਲਾ ਇਨਸਾਨ ਨਹੀਂ। ਮੈਂ ਮਿਹਨਤ ਕਰਨਾ ਵਾਲਾ ਇਨਸਾਨ ਹਾਂ। ਮੈਂ ਕੁਝ ਕਰਕੇ ਦਿਖਾਉਣ ਵਾਲਾ ਇਨਸਾਨ ਹਾਂ। ਮੈਂ ਨਾ ਸੁਰੇਸ਼ ਕੁਮਾਰ ਦੇ ਅੱਗੇ ਝੁਕਦਾ ਹਾਂ, ਨਾ ਮੈਂ ਨਮਸਤੇ ਕਰਦਾ ਹਾਂ। ਮੈਂ ਮੰਤਰੀ ਹਾਂ ਤੇ ਕਿਸੇ ਵੀ ਹਾਲ 'ਚ ਬਿਊਰੇਕ੍ਰੇਸੀ ਦੇ ਅੱਗੇ ਗੋਡੇ ਨਹੀਂ ਟੇਕਾਂਗਾ। ਉਨ੍ਹਾਂ ਕਿਹਾ ਕਿ ਗਰੀਬ ਦੇ ਸਾਹਮਣੇ ਝੁਕ ਜਾਵਾਂਗਾ, ਪਰ ਬਿਊਰੇਕ੍ਰੇਟਸ ਦੇ ਅੱਗੇ ਨਹੀਂ। ਜਦੋਂ ਉਨ੍ਹਾਂ ਤੋਂ ਵਿਭਾਗ ਬਦਲੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਦਿਲ ਦਾ ਦਰਦ ਸਾਹਮਣੇ ਆ ਗਿਆ।
ਉਨ੍ਹਾਂ ਕਿਹਾ ਕਿ ਸੀਐੱਮ ਸਾਹਬ ਦੀ ਪਾਵਰ ਹੈ ਜਿੱਥੇ ਚਾਹੁਣ ਉੱਥੇ ਭੇਜ ਦੇਣ। ਹਾਲਾਂਕਿ, ਉਨ੍ਹਾਂ ਨੂੰ ਦੇਖਣਾ ਚਾਹੀਦਾ ਸੀ ਕਿ ਕੰਮ ਹੋਇਆ ਜਾਂ ਨਹੀਂ। ਖੈਰ, ਸੀਐੱਮ ਸਾਹਿਬ ਨੇ ਜੋ ਕੀਤਾ ਹੈ, ਉਸ 'ਚ ਮੇਰਾ ਭਲਾ ਹੀ ਹੋਵੇਗਾ। ਸਿੱਖਿਆ ਮੰਤਰੀ ਰਹਿੰਦੇ ਹੋਏ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਉਸ ਦਾ ਨਤੀਜ਼ਾ ਰਿਹਾ ਕਿ ਇਸ ਸਾਲ ਸਰਕਾਰੀ ਸਕੂਲਾਂ ਦਾ ਰਿਜ਼ਲਟ 86 ਫੀਸਦੀ ਤੋਂ ਜ਼ਿਆਦਾ ਰਿਹਾ। ਜਦਕਿ ਜਦੋਂ ਤੋਂ ਮੈਂ ਅਹੁਦਾ ਸੰਭਾਲਿਆ ਸੀ, ਉਸ ਸਮੇਂ ਸਰਕਾਰੀ ਸਕੂਲਾਂ ਦੇ ਰਿਜ਼ਲਟ ਚਿੰਤਾਜ਼ਨਕ ਸਨ।